ਆਈ.ਪੀ.ਐੱਲ. 2023 ਜਿਵੇਂ ਆਪਣੇ ਅਖ਼ੀਰਲੇ ਪੜਾਅ ਵੱਲ ਵੱਧ ਰਿਹਾ ਹੈ ਓਵੇਂ ਹੀ ਪਲੇਆਫ਼ ਲਈ ਮੁਕਾਬਲਾ ਫੱਸਵਾਂ ਹੁੰਦਾ ਜਾ ਰਿਹਾ ਹੈ। ਮੁੰਬਈ ਅਤੇ ਗੁਜਰਾਤ ਵਿਚਕਾਰ ਖੇਡੇ ਗਏ ਲੀਗ ਦੇ ਇਕ ਹੋਰ ਮੈਚ ‘ਚ ਸੂਰਯਾਕੁਮਾਰ ਯਾਦਵ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਪਲੇਆਫ਼ ਵੱਲ ਇਕ ਹੋਰ ਕਦਮ ਵਧਾ ਲਿਆ ਹੈ। ਗੁਜਰਾਤ ਟਾਈਨਸ ਨੂੰ ਹਰਾ ਕੇ ਮੁੰਬਈ 14 ਅੰਕਾਂ ਦੇ ਨਾਲ ਪੁਆਇੰਟਸ ਟੇਬਲ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਗੁਜਰਾਤ ਅਤੇ ਚੇਨਈ ਦਾ ਪਲੇਆਫ਼ ‘ਚ ਪਹੁੰਚਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ। ਅਜਿਹੇ ‘ਚ ਬਾਕੀ ਦੋ ਥਾਵਾਂ ਲਈ ਮੁਕਾਬਲਾ ਫ਼ੱਸਵਾਂ ਹੁੰਦਾ ਜਾ ਰਿਹਾ ਹੈ। ਉਧਰ ਹੀ ਅਖ਼ੀਰ ‘ਚ ਰਾਸ਼ਿਦ ਖ਼ਾਨ ਦੇ ਤੂਫ਼ਾਨੀ ਅਰਧ ਸੈਂਕੜੇ ਨੇ ਮੁੰਬਈ ਇੰਡੀਅਨਜ਼ ਦੇ ਰਨ ਰੇਟ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਗੁਜਰਾਤ ਟਾਈਨਟਨਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਇੰਡੀਅਨਜ਼ ਨੂੰ ਇਸ਼ਾਨ ਕਿਸ਼ਨ (31) ਤੇ ਰੋਹਿਤ ਸ਼ਰਮਾ (29) ਨੇ ਚੰਗੀ ਸ਼ੁਰੂਆਤ ਦੁਆਈ। ਉਨ੍ਹਾਂ ਤੋਂ ਬਾਅਦ ਸੂਰਯਾਕੁਮਾਰ ਯਾਦਵ ਨੇ ਧਾਕੜ ਬੱਲੇਬਾਜ਼ੀ ਕਰਦਿਆਂ 49 ਗੇਂਦਾਂ ‘ਚ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ‘ਚ 6 ਛਿੱਕੇ ਤੇ 11 ਚੌਕੇ ਸ਼ਾਮਲ ਸਨ। ਸੂਰਯਾ ਨੇ ਪਾਰੀ ਦੀ ਅਖ਼ੀਰਲੀ ਗੇਂਦ ‘ਤੇ ਛਿੱਕਾ ਜੜ ਕੇ ਆਪਣਾ ਸੈਂਕੜਾ ਮੁਕੰਮਲ ਕੀਤਾ। ਇਨ੍ਹਾਂ ਪਾਰੀਆਂ ਸਦਕਾ ਮੁੰਬਈ ਨੇ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 218 ਦੌੜਾਂ ਬਣਾਈਆਂ। ਰਾਸ਼ਿਦ ਖ਼ਾਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਆਪਣੇ ਨਾਂ ਕੀਤੀਆਂ। 20 ਗੇਂਦਾਂ ‘ਚ 219 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਟਾਈਟਨਸ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਟੀਮ ਨੇ 55 ਦੌੜਾਂ ‘ਤੇ ਹੀ ਆਪਣੇ ਸਿਖਰਲੇ 5 ਬੱਲੇਬਾਜ਼ਾਂ ਦੀ ਵਿਕਟ ਗੁਆ ਦਿੱਤੀ। ਅਖ਼ੀਰ ‘ਚ ਰਾਸ਼ਿਦ ਖ਼ਾਨ ਨੇ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ‘ਚ ਵੀ ਦਮ ਦਿਖਾਇਆ ਤੇ 32 ਗੇਂਦਾਂ ‘ਚ 10 ਛਿੱਕਿਆਂ ਸਦਕਾ 79 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਡੇਵਿਡ ਮਿਲਰ ਨੇ ਵੀ 26 ਗੇਂਦਾਂ ‘ਚ 2 ਛਿੱਕਿਆਂ ਤੇ 4 ਚੌਕਿਆਂ ਸਦਕਾ 41 ਦੌੜਾਂ ਬਣਾਈਆਂ। ਪਰ ਇਹ ਪਾਰੀਆਂ ਇੰਨੇ ਵੱਡੇ ਟੀਚੇ ਦਾ ਪਿੱਛਾ ਕਰਨ ਲਈ ਕਾਫ਼ੀ ਨਹੀਂ ਸੀ। ਇੰਝ ਗੁਜਰਾਤ ਦੀ ਟੀਮ ਨਿਰਧਾਰਿਤ 20 ਓਵਰਾਂ ‘ਚ 8 ਵਿਕਟਾਂ ਗੁਆ ਕੇ ਮਹਿਜ਼ 191 ਦੌੜਾਂ ਹੀ ਬਣਾ ਸਕੀ। ਮੁੰਬਈ ਨੇ ਇਸ ਤਰ੍ਹਾਂ ਇਹ ਮੁਕਾਬਲਾ 27 ਦੌੜਾਂ ਨਾਲ ਆਪਣੇ ਨਾਂ ਕਰ ਲਿਆ।