ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਭਗੌੜਾ ਕਰਾਰ ਦੇਣ ਅਤੇ ਪੰਜਾਬ ‘ਚ ਵੱਡੀ ਪੱਧਰ ‘ਤੇ ਫੜੋ-ਫੜੀ ਦੀ ਕਾਰਵਾਈ ਦੀ ਵੀ ਜਥੇਦਾਰ ਨੇ ਨਿਖੇਧੀ ਕੀਤੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਸਿਆਸੀ ਮੁਫਾਦਾਂ ਕਾਰਨ ਪੰਜਾਬ ‘ਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਗੁਰੇਜਖ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਜਮਹੂਰੀਅਤ ‘ਚ ਰਹਿ ਕੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਹਨ ਉਨ੍ਹਾਂ ਨਾਲ ਸਰਕਾਰੀ ਜਬਰ ਅਤੇ ਨਾਜਾਇਜ਼ ਹਿਰਾਸਤ ਦਾ ਅਮਲ ਅਪਨਾਉਣ ਤੋਂ ਸਰਕਾਰਾਂ ਗੁਰੇਜ਼ ਕਰਨ। ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ ਅਤੇ ਹੁਣ ਚੰਗੇ ਭਵਿੱਖ ਵੱਲ ਤੁਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਤੀਤ ‘ਚ ਸਰਕਾਰਾਂ ਵੱਲੋਂ ਦਿੱਤੇ ਗਏ ਡੂੰਘੇ ਜ਼ਖ਼ਮ ਅਜੇ ਵੀ ਪੰਜਾਬ ਦੇ ਚੇਤਿਆਂ ‘ਚ ਹਨ ਅਤੇ ਇਨ੍ਹਾਂ ਨੂੰ ਭਰਨ ਵਾਸਤੇ ਕਦੇ ਵੀ ਕਿਸੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਇਸੇ ਲਈ ਸਿੱਖ ਨੌਜਵਾਨ ਮਾਨਸਿਕਤਾ ‘ਚ ਸਮੇਂ ਦੀਆਂ ਸਰਕਾਰਾਂ ਦੀਆਂ ਵਧੀਕੀਆਂ ਅਤੇ ਵਿਤਕਰੇਬਾਜ਼ੀ ਖ਼ਿਲਾਫ਼ ਡਾਢਾ ਅਸੰਤੋਸ਼ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕੁਝ ਵੱਡੀਆਂ ਤਾਕਤਾਂ ਹਰ ਵੇਲੇ ਮੌਕੇ ਦੀ ਤਾਕ ‘ਚ ਰਹਿੰਦੀਆਂ ਹਨ ਜੋ ਸਿੱਖ ਨੌਜਵਾਨਾਂ ਨੂੰ ਦਿਸ਼ਾਹੀਣ ਕਰਕੇ ਬਲੀ ਦਾ ਬੱਕਰਾ ਬਨਾਉਣਾ ਚਾਹੁੰਦੀਆਂ ਹਨ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਵੀ ਆਖਿਆ ਕਿ ਉਹ ਟਕਰਾਅ ਦਾ ਰਾਹ ਅਪਣਾਉਣ ਦੀ ਥਾਂ ਆਪਣੇ ਬੌਧਿਕ ਅਤੇ ਅਕਾਦਮਿਕ ਕਾਇਆ-ਕਲਪ ਕਰਨ ਵਾਲੇ ਰਾਹ ‘ਤੇ ਚੱਲਣ। ਉਨ੍ਹਾਂ ਸਰਕਾਰਾਂ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਸਿੱਖਾਂ ਨੂੰ ਧਾਰਮਿਕ ਤੇ ਸਿਆਸੀ ਤੌਰ ‘ਤੇ ਕਮਜ਼ੋਰ ਕਰਨ ਦੀਆਂ ਨੀਤੀਆਂ ਸਿੱਖਾਂ ਅੰਦਰ ਖਲਾਅ ਅਤੇ ਬੇਚੈਨੀ ਪੈਦਾ ਕਰਦੀਆਂ ਹਨ। ਅਜਿਹੇ ਅਮਲ ਨਾ ਸਰਕਾਰਾਂ ਲਈ ਅਤੇ ਨਾ ਹੀ ਪੰਜਾਬ ਦੇ ਹਿੱਤ ‘ਚ ਹਨ, ਇਸ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਅਤੀਤ ਦੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਸਰਕਾਰ ਸਿੱਖਾਂ ਦੇ ਧਾਰਮਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ ਦਾ ਸਰਲੀਕਰਨ ਕਰਨ ਅਤੇ ਸਿੱਖਾਂ ‘ਚ ਬੇਗਾਨਗੀ ਦੇ ਅਹਿਸਾਸ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿਆਸਤ ਤੇ ਸੱਤਾ ਦੇ ਹਿੱਤਾਂ ਨੂੰ ਪੂਰਨ ਵਾਸਤੇ ਸਰਕਾਰਾਂ ਨੂੰ ਘੱਟ ਗਿਣਤੀ ਨੌਜਵਾਨਾਂ ‘ਚ ਦਹਿਸ਼ਤ, ਡਰ ਅਤੇ ਬੇਗਾਨਗੀ ਦਾ ਅਹਿਸਾਸ ਭਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।