ਟੀ-20 ਮੈਚਾਂ ਦੀ ਚੱਲ ਰਹੀ ਸੀਰੀਜ਼ ਦਾ ਦੂਜਾ ਮੈਚ ਮਾਊਂਟ ਮੌਂਗਾਨੁਈਦੇ ਬੇ ਓਵਲ ਸਟੇਡੀਅਮ ‘ਚ ਖੇਡਿਆ ਗਿਆ ਜਿਸ ‘ਚ ਇੰਡੀਆ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਦਿੱਤਾ। ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੂਰਿਆ ਕੁਮਾਰ ਯਾਦਵ ਦੀਆਂ ਸ਼ਾਨਦਾਰ 111 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਬਣਾਈਆਂ। ਇੰਡੀਆ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 18 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 126 ਦੌੜਾਂ ਹੀ ਬਣਾ ਸਕੀ ਤੇ 65 ਦੌੜਾਂ ਨਾਲ ਮੈਚ ਹਾਰ ਗਈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਲਈ ਸੂਰਿਆ ਕੁਮਾਰ ਧਮਾਕੇਦਾਰ ਪਾਰੀ ਖੇਡੀ। ਉਸ ਨੇ ਅਜੇਤੂ ਰਹਿੰਦੇ ਹੋਏ ਆਪਣੀ ਸ਼ਾਨਦਾਰ 111 ਦੌੜਾਂ ਦੀ ਪਾਰੀ ਦੇ ਦੌਰਾਨ 11 ਚੌਕੇ ਤੇ 7 ਛੱਕੇ ਲਗਾਏ। ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਰਿਸ਼ਭ ਪੰਤ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਲਾਕੀ ਫਰਗਿਊਸਨ ਵਲੋਂ ਆਊਟ ਹੋ ਗਿਆ। ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਈਸ਼ਾਨ ਕਿਸ਼ਨ 36 ਦੌੜਾਂ ਬਣਾ ਈਸ਼ ਸ਼ੋਢੀ ਦਾ ਸ਼ਿਕਾਰ ਬਣਿਆ ਤੇ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਈਸ਼ਾਨ ਕਿਸ਼ਨ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 1 ਛੱਕਾ ਵੀ ਲਗਾਇਆ। ਇੰਡੀਆ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸ਼੍ਰੇਅਸ ਅਈਅਰ 13 ਦੌੜਾਂ ਬਣਾ ਲਾਕੀ ਫਰਗਿਊਸਨ ਵਲੋਂ ਆਊਟ ਹੋਇਆ। ਹਾਰਦਿਕ ਪੰਡਯਾ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਸਾਊਦੀ ਵਲੋਂ ਆਊਟ ਕੀਤੇ ਗਏ। ਨਿਊਜ਼ੀਲੈਂਡ ਵਲੋਂ ਟੀਮ ਸਾਊਦੀ ਨੇ 3, ਲਾਕੀ ਫਰਗਿਊਸਨ ਨੇ 2 ਤੇ ਈਸ਼ ਸੋਢੀ ਨੇ 1 ਵਿਕਟ ਲਈ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਫਿਨ ਐਲਨ ਬਿਨਾ ਖ਼ਾਤਾ ਖੋਲੇ ਭੁਵਨੇਸ਼ਵਰ ਦੀ ਗੇਂਦ ‘ਤੇ ਅਰਸ਼ਦੀਪ ਨੂੰ ਕੈਚ ਦੇ ਕੇ ਆਊਟ ਹੋਇਆ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ 25 ਦੌੜਾਂ ਦੇ ਨਿੱਜੀ ਸਕੋਰ ‘ਤੇ ਵਾਸ਼ਿੰਗਟਨ ਸੁੰਦਰ ਦੀ ਗੇਂਦ ‘ਤੇ ਅਰਸ਼ਦੀਪ ਨੂੰ ਕੈਚ ਦੇ ਕੇ ਆਊਟ ਹੋਇਆ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਤੀਜੀ ਵਿਕਟ ਗਲੇਨ ਫਿਲੀਪਸ ਦੇ ਤੌਰ ‘ਤੇ ਡਿੱਗੀ। ਫਿਲੀਪਸ 12 ਦੌੜਾਂ ਬਣਾ ਚਾਹਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਨਿਊਜ਼ੀਲੈਂਡ ਦੀ ਚੌਥੀ ਵਿਕਟ ਡੇਰਿਲ ਮਿਸ਼ੇਲ ਦੇ ਤੌਰ ‘ਤੇ ਡਿੱਗੀ। ਮਿਸ਼ੇਲ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਦੀਪਕ ਹੁੱਡਾ ਵਲੋਂ ਆਊਟ ਹੋਇਆ। ਇਸ ਤੋਂ ਨਿਊਜ਼ੀਲੈਂਡ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਜੇਮਸ ਨੀਸ਼ਮ ਬਿਨਾ ਖਾਤਾ ਖੋਲੇ ਚਾਹਲ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਨਿਊਜ਼ੀਲੈਂਡ ਦੀ ਛੇਵੀਂ ਵਿਕਟ ਮਿਸ਼ੇਲ ਸੈਂਟਨਰ ਦੇ ਤੌਰ ‘ਤੇ ਡਿੱਗੀ। ਸੈਂਟਨਰ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਸਿਰਾਜ ਵਲੋਂ ਆਊਟ ਹੋਇਆ। ਨਿਊਜ਼ੀਲੈਂਡ ਵਲੋਂ ਸਿਰਫ਼ ਕਪਤਾਨ ਕੇਨ ਵਿਲੀਅਮਸਨ ਨੇ 61 ਦੌੜਾਂ ਨਾਲ ਆਪਣਾ ਅਰਧ ਸੈਂਕੜਾ ਬਣਿਆ। ਉਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਕ੍ਰੀਜ਼ ‘ਤੇ ਟਿੱਕ ਨਹੀਂ ਸਕਿਆ ਤੇ ਸਾਰੇ ਬੱਲੇਬਾਜ਼ ਸਸਤੇ ‘ਚ ਆਊਟ ਹੁੰਦੇ ਗਏ।