ਭਾਰਤੀ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਆਈ.ਸੀ.ਸੀ. ਟੀ-20 ਬੱਲੇਬਾਜ਼ੀ ਦੀ ਦਰਜਾਬੰਦੀ ‘ਚ ਸਿਖਰਲੇ ਸਥਾਨ ‘ਤੇ ਬਰਕਰਾਰ ਹੈ ਜਦਕਿ ਸ਼ੁਭਮਨ ਗਿੱਲ ਕਰੀਅਰ ਦੀ ਸਰਵੋਤਮ 30ਵੀਂ ਦਰਜਾਬੰਦੀ ‘ਤੇ ਪਹੁੰਚ ਗਿਆ ਹੈ। ਸੂਰਿਆ ਕੁਮਾਰ ਦੇ 906 ਰੇਟਿੰਗ ਅੰਕ ਹਨ। ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ‘ਚ ਸੈਂਕੜਾ ਮਾਰਨ ਵਾਲਾ ਸ਼ੁਭਮਨ ਇਕ ਰੋਜ਼ਾ ‘ਚ ਛੇਵੇਂ ਅਤੇ ਟੈਸਟ ‘ਚ 62ਵੇਂ ਸਥਾਨ ‘ਤੇ ਹੈ। ਵਿਰਾਟ ਕੋਹਲੀ ਇਕ ਸਥਾਨ ਖਿਸਕ ਕੇ 15ਵੇਂ ਨੰਬਰ ‘ਤੇ ਆ ਗਿਆ ਹੈ ਜਦਕਿ ਕੇ.ਐੱਲ. ਰਾਹੁਲ 27ਵੇਂ ਅਤੇ ਕਪਤਾਨ ਰੋਹਿਤ ਸ਼ਰਮਾ 29ਵੇਂ ਸਥਾਨ ‘ਤੇ ਹਨ। ਟੀ-20 ਗੇਂਦਬਾਜ਼ੀ ਦਰਜਾਬੰਦੀ ‘ਚ ਚੋਟੀ ਦੇ ਦਸ ਗੇਂਦਬਾਜ਼ਾਂ ‘ਚ ਕੋਈ ਭਾਰਤੀ ਨਹੀਂ ਹੈ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅੱਠ ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵੋਤਮ 13ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਹਰਫਨਮੌਲਾ ਹਾਰਦਿਕ ਪਾਂਡਿਆ ਬੱਲੇਬਾਜ਼ਾਂ ‘ਚ 50ਵੇਂ ਅਤੇ ਗੇਂਦਬਾਜ਼ਾਂ ‘ਚ 46ਵੇਂ ਸਥਾਨ ‘ਤੇ ਪਹੁੰਚ ਗਿਆ ਹੈ।