‘ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ‘ਚ ਹੋਏ ਦੋ ਕਾਰ ਬੰਬ ਧਮਾਕਿਆਂ ‘ਚ ਘੱਟੋ-ਘੱਟ 100 ਲੋਕ ਮਾਰੇ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਐਤਵਾਰ ਤੜਕੇ ਇਕ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਿਆਂ ‘ਚ ਕਰੀਬ 300 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਬੇਹੱਦ ਬੇਰਹਿਮ ਅਤੇ ਕਾਇਰਤਾਪੂਰਨ ਕਰਾਰ ਦਿੱਤਾ। ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਸੋਮਾਲੀਆ ਸਰਕਾਰ ਨੇ ਹਮਲਿਆਂ ਲਈ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਅੱਤਵਾਦੀ ਸਮੂਹ ‘ਤੇ ਦੋਸ਼ ਲਗਾਇਆ ਹੈ, ਜੋ ਰਾਜਧਾਨੀ ‘ਚ ਲਗਾਤਾਰ ਹਮਲੇ ਕਰ ਰਿਹਾ ਹੈ। ਮੋਗਾਦਿਸ਼ੂ ‘ਚ ਇਹ ਹਮਲੇ ਉਸ ਦਿਨ ਹੋਏ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਅਲ-ਸ਼ਬਾਬ ਸਮੇਤ ਅੱਤਵਾਦੀ ਸਮੂਹਾਂ ਨਾਲ ਲੜਨ ਦੇ ਵਿਸਤ੍ਰਿਤ ਯਤਨਾਂ ‘ਤੇ ਚਰਚਾ ਕਰਨ ਲਈ ਬੈਠਕ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਧਮਾਕਾ ਸਿੱਖਿਆ ਮੰਤਰਾਲੇ ਦੀ ਚਾਰਦੀਵਾਰੀ ਦੇ ਬਾਹਰ ਹੋਇਆ, ਜਦਕਿ ਦੂਜਾ ਧਮਾਕਾ ਇਕ ਵਿਅਸਤ ਰੈਸਟੋਰੈਂਟ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਐਂਬੂਲੈਂਸ ਸੇਵਾ ਦੇ ਨਿਰਦੇਸ਼ਕ ਅਬਦੁਲਕਾਦਿਰ ਅਦਾਨ ਨੇ ਇਕ ਟਵੀਟ ‘ਚ ਕਿਹਾ ਕਿ ਪਹਿਲੇ ਹਮਲੇ ‘ਚ ਜ਼ਖਮੀ ਲੋਕਾਂ ਦੀ ਮਦਦ ਕਰਨ ਵਾਲੀ ਇਕ ਐਂਬੂਲੈਂਸ ਵੀ ਦੂਜੇ ਧਮਾਕੇ ਵਿੱਚ ਨਸ਼ਟ ਹੋ ਗਈ। ਇਕ ਚਸ਼ਮਦੀਦ ਗਵਾਹ ਅਬਦਿਰਜ਼ਾਕ ਹਸਨ ਨੇ ਕਿਹਾ ਕਿ ਜਦੋਂ ਦੂਜਾ ਧਮਾਕਾ ਹੋਇਆ ਤਾਂ ਮੈਂ 100 ਮੀਟਰ ਦੂਰ ਸੀ। ਮੈਂ ਜ਼ਮੀਨ ‘ਤੇ ਪਈਆਂ ਲਾਸ਼ਾਂ ਨੂੰ ਗਿਣ ਨਹੀਂ ਸਕਿਆ। ਅਕਤੂਬਰ 2017 ‘ਚ ਇਸੇ ਥਾਂ ‘ਤੇ ਹੋਏ ਟਰੱਕ ਬੰਬ ਧਮਾਕੇ ‘ਚ 500 ਲੋਕ ਮਾਰੇ ਗਏ ਸਨ। ਉਸ ਹਮਲੇ ਤੋਂ ਬਾਅਦ ਇਹ ਇਲਾਕੇ ‘ਚ ਸਭ ਤੋਂ ਘਾਤਕ ਹਮਲਾ ਹੈ। ਪੰਜ ਸਾਲ ਪਹਿਲਾਂ ਵੀ ਇਸ ਥਾਂ ‘ਤੇ ਵੱਡਾ ਧਮਾਕਾ ਹੋਇਆ ਸੀ ਜਿਸ ‘ਚ 500 ਤੋਂ ਵੱਧ ਲੋਕ ਮਾਰੇ ਗਏ ਸਨ। ਮਦੀਨਾ ਹਸਪਤਾਲ ਦੇ ਇਕ ਵਲੰਟੀਅਰ ਹਸਨ ਉਸਮਾਨ ਨੇ ਕਿਹਾ ਕਿ ਹਸਪਤਾਲ ‘ਚ ਲਿਆਂਦੇ ਗਏ ਘੱਟੋ-ਘੱਟ 30 ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ। ਮੈਂ ਖੁਦ ਦੇਖਿਆ ਹੈ। ਆਮੀਨ ਐਂਬੂਲੈਂਸ ਸੇਵਾ ਨੇ ਕਿਹਾ ਕਿ ਇਸ ਨੇ ਘੱਟੋ-ਘੱਟ 35 ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਦੂਜਾ ਧਮਾਕਾ ਦੁਪਹਿਰ ਨੂੰ ਇਕ ਰੈਸਟੋਰੈਂਟ ਦੇ ਸਾਹਮਣੇ ਹੋਇਆ। ਧਮਾਕੇ ਮਗਰੋਂ ਸੜਕਾਂ ‘ਤੇ ਵੱਡੀ ਗਿਣਤੀ ‘ਚ ਲਾਸ਼ਾਂ ਪਈਆਂ ਹਨ।