ਖਾਲਿਸਤਾਨ ਪੱਖੀ ਆਗੂ ਅਤੇ ਸੰਵਿਧਾਨ ਦੀ ਸਹੁੰ ਚੁੱਕਣ ਖ਼ਿਲਾਫ਼ ਵੱਖਰੀ ਰਾਇ ਰੱਖਣ ਤੇ ਕਿਰਪਾਨ ਲੈ ਕੇ ਪਾਰਲੀਮੈਂਟ ’ਚ ਦਾਖਲ ਹੋਣ ਦੀਆਂ ਗੱਲਾਂ ਕਰਨ ਵਾਲੇ ਸੰਗਰੂਰ ਤੋਂ ਦੁਬਾਰਾ ਮੈਂਬਰ ਪਾਰਲੀਮੈਂਟ ਚੁਣੇ ਗਏ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕਦੇ ਹੋਏ ਸੰਵਿਧਾਨ ’ਚ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਸਪੀਕਰ ਓਮ ਬਿਰਲਾ ਨਾਲ ਉਨ੍ਹਾਂ ਦੇ ਚੈਂਬਰ ’ਚ ਮੁਲਾਕਾਤ ਕੀਤੀ ਅਤੇ ਸਪੀਕਰ ਦੇ ਦਫ਼ਤਰ ’ਚ ਸਹੁੰ ਚੁੱਕੀ। ਪੰਜਾਬੀ ’ਚ ਸਹੁੰ ਚੁੱਕਦਿਆਂ ਮਾਨ ਨੇ ਕਿਹਾ, ‘ਮੈਂ ਭਾਰਤੀ ਸੰਵਿਧਾਨ ’ਚ ਵਿਸ਼ਵਾਸ ਦੀ ਪੁਸ਼ਟੀ ਕਰਦਾ ਹਾਂ।’ ਮਾਨ ਨੇ ਸੰਗਰੂਰ ਦੀ ਬਿਹਤਰੀ ਲਈ ਕੰਮ ਕਰਨ ਦਾ ਵਾਅਦਾ ਵੀ ਕੀਤਾ। ਸੰਸਦ ਮੈਂਬਰ ਮਾਨ ਜਿਹਡ਼ੇ ਕਿ ਹਰ ਸਮੇਂ ਕਿਰਪਾਨ ਆਪਣੇ ਕੋਲ ਰੱਖਦੇ ਹਨ ਅਤੇ ਜਿਸ ਨੂੰ ਉਹ ਪਹਿਲਾਂ ਪਾਰਲੀਮੈਂਟ ’ਚ ਲੈ ਕੇ ਜਾਣ ਲਈ ਕਹਿੰਦੇ ਸਨ, ਇਸ ਵਾਰ ਉਨ੍ਹਾਂ ਕੋਲ ਨਹੀਂ ਸੀ। ਤਿੰਨ ਵਾਰ ਸੰਸਦ ਮੈਂਬਰ ਰਹੇ ਮਾਨ ਨੇ 1999 ’ਚ ਵੀ ਸੰਗਰੂਰ ਦੀ ਨੁਮਾਇੰਦਗੀ ਕੀਤੀ ਸੀ। ਜ਼ਿਕਰਯੋਗ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਸੀਟ ’ਤੇ ਜਿੱਤ ਹਾਸਲ ਕਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 5800 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਮਾਨ ਤੋਂ ਇਲਾਵਾ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ ਅਤੇ ਸੰਦੀਪ ਕੁਮਾਰ ਪਾਠਕ ਨੇ ਵੀ ਰਾਜ ਸਭਾ ਵਿਖੇ ਸਪੀਕਰ ਵੈਂਕਈਆ ਨਾਇਡੂ ਦੀ ਮੌਜੂਦਗੀ ’ਚ ਆਪਣੇ ਅਹੁਦੇ ਦੀ ਸੁਹੰ ਚੁੱਕੀ।