ਭਾਰਤੀ ਮਹਿਲਾ ਟੀਮ ਨੇ ਵੈਸਟ ਇੰਡੀਜ਼ ਨੂੰ 56 ਦੌੜਾਂ ਨਾਲ ਹਰਾ ਕੇ ਟੀ-20 ਮੈਚ ਜਿੱਤ ਲਿਆ ਹੈ। ਇਸ ਜਿੱਤ ‘ਚ ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਸ਼ਾਨਦਾਰ ਪਾਰੀਆਂ ਸ਼ਾਮਲ ਹਨ ਜਿਨ੍ਹਾਂ ਕ੍ਰਮਵਾਰ 74 ਅਤੇ 56 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਮਹਿਲਾ ਟੀ-20 ਅੰਤਰਰਾਸ਼ਟਰੀ ਟਰਾਈ ਸੀਰੀਜ਼ ਦੇ ਤੀਜੇ ਮੈਚ ਜੋ ਈਸਟ ਲੰਡਨ ਦੇ ਬਫੇਲੋ ਪਾਰਕ ‘ਚ ਖੇਡਿਆ ਗਿਆ, ਵਿੱਚ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਡੀਆ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਜਵਾਬ ‘ਚ ਕੈਰੇਬੀਅਨ ਟੀਮ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 111 ਦੌੜਾਂ ਹੀ ਬਣਾ ਸਕੀ। ਸਮ੍ਰਿਤੀ ਮੰਧਾਨਾ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਇੰਡੀਆ ਵੱਲੋਂ ਦਿੱਤੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਸਪਿਨਰਾਂ ਦੇ ਸਾਹਮਣੇ ਬੈਕਫੁੱਟ ‘ਤੇ ਨਜ਼ਰ ਆਈ। ਇੰਡੀਆ ਦੀ ਦੀਪਤੀ ਸ਼ਰਮਾ ਨੇ ਵੈਸਟਇੰਡੀਜ਼ ਦੇ ਦੋਵੇਂ ਸਲਾਮੀ ਬੱਲੇਬਾਜ਼ ਬ੍ਰਿਟਨੀ ਕੂਪਰ ਅਤੇ ਰਸ਼ਾਦਾ ਵਿਲੀਅਮਜ਼ (8) ਨੂੰ ਆਪਣਾ ਸ਼ਿਕਾਰ ਬਣਾਇਆ। ਕੂਪਰ ਨੂੰ ਦੀਪਤੀ ਨੇ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਅਤੇ ਪਹਿਲੀ ਹੀ ਗੇਂਦ ‘ਤੇ ਐੱਲ.ਬੀ.ਡਬਲਿਊ. ਆਊਟ ਕੀਤਾ। ਦੀਪਤੀ ਨੇ ਵਿਲੀਅਮਜ਼ ਨੂੰ ਸਟੰਪ ਕੀਤਾ। ਜਲਦੀ ਹੀ ਰਾਜੇਸ਼ਵਰੀ ਗਾਇਕਵਾੜ ਨੇ ਸ਼ਬੀਕਾ ਗਜ਼ਨਬੀ (3) ਨੂੰ ਐੱਲ.ਬੀ.ਡਬਲਿਊ. ਆਊਟ ਕਰ ਕੇ ਵੈਸਟਇੰਡੀਜ਼ ਨੂੰ ਤੀਜਾ ਝਟਕਾ ਦਿੱਤਾ। ਸ਼ੇਮੇਨ ਕੈਂਪਬੇਲ (47) ਅਤੇ ਕਪਤਾਨ ਹੇਲੀ ਮੈਥਿਊਜ਼ (34) ਨੇ ਚੌਥੇ ਵਿਕਟ ਲਈ 71 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਦੋਵਾਂ ਨੇ 67 ਗੇਂਦਾਂ ‘ਚ 71 ਦੌੜਾਂ ਜੋੜੀਆਂ। ਰਾਧਾ ਯਾਦਵ ਨੇ ਕੈਂਪਬੇਲ ਨੂੰ ਅਮਨਜੋਤ ਕੌਰ ਹੱਥੋਂ ਕੈਚ ਆਊਟ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਕੈਂਪਬੈਲ ਨੇ 57 ਗੇਂਦਾਂ ‘ਚ 5 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀ ਟੀਮ 20 ਓਵਰਾਂ ‘ਚ 111 ਦੌੜਾਂ ਹੀ ਬਣਾ ਸਕੀ। ਇੰਡੀਆ ਲਈ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ ਦੋ ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਰਾਧਾ ਯਾਦਵ ਨੇ ਇਕ-ਇਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਇੰਡੀਆ ਨੇ ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਆਧਾਰ ‘ਤੇ 167/2 ਦਾ ਸਕੋਰ ਬਣਾਇਆ।