ਕੈਨੇਡਾ ਦੀ ਫੁੱਟਬਾਲ ਟੀਮ 1986 ਤੋਂ ਬਾਅਦ ਆਪਣੇ ਪਹਿਲੇ ਵਿਸ਼ਵ ਕੱਪ ਦੀ ਤਿਆਰੀ ਮੇਜ਼ਬਾਨ ਕਤਰ ਅਤੇ ਉਰੂਗਏ ਖ਼ਿਲਾਫ਼ ਅਭਿਆਸ ਮੈਚ ਖੇਡ ਕੇ ਕਰੇਗੀ। ਵਿਸ਼ਵ ਰੈਂਕਿੰਗ ’ਚ 43ਵੇਂ ਸਥਾਨ ’ਤੇ ਕਾਬਜ਼ ਕੈਨੇਡਾ ਨੇ ਕਿਹਾ ਕਿ ਉਹ 49ਵੇਂ ਨੰਬਰ ਦੀ ਕਤਰ ਟੀਮ ਖ਼ਿਲਾਫ਼ 23 ਸਤੰਬਰ ਨੂੰ ਅਤੇ 13ਵੀਂ ਰੈਂਕਿੰਗ ਵਾਲੀ ਉਰੂਗਏ ਟੀਮ ਨਾਲ 27 ਸਤੰਬਰ ਨੂੰ ਵੀਏਨਾ ’ਚ ਮੈਚ ਖੇਡੇਗੀ। ਕੈਨੇਡਾ ਨੇ ਵਿਸ਼ਵ ਕੱਪ ਗਰੁੱਪ ਐੱਫ ’ਚ 23 ਨਵੰਬਰ ਨੂੰ ਪਹਿਲਾ ਮੈਚ ਦੂਜੀ ਰੈਂਕਿੰਗ ਵਾਲੀ ਬੈਲਜ਼ੀਅਮ ਦੀ ਟੀਮ ਨਾਲ ਖੇਡਣਾ ਹੈ। ਇਸ ਤੋਂ ਚਾਰ ਦਿਨ ਬਾਅਦ ਕੈਨੇਡੀਅਨ ਟੀਮ 15ਵੇਂ ਨੰਬਰ ਵਾਲੀ ਟੀਮ ਕ੍ਰੋਏਸ਼ੀਆ ਅਤੇ ਇਕ ਦਸੰਬਰ ਨੂੰ 24ਵੇਂ ਰੈਂਕ ਵਾਲੀ ਟੀਮ ਮੋਰੱਕੋ ਨਾਲ ਮੈਚ ਖੇਡੇਗੀ। ਕੈਨੇਡਾ ਨੇ ਇਸ ਤੋਂ ਪਹਿਲਾਂ ਸਿਰਫ਼ ਇਕ ਵਾਰ ਉਰੂਗਏ ਦਾ ਸਾਹਮਣਾ ਕੀਤਾ ਹੈ। ਫਰਵਰੀ 1986 ਦੇ ਵਿਸ਼ਵ ਕੱਪ ਦੇ ਮਿਆਮੀ ’ਚ ਖੇਡੇ ਗਏ ਅਭਿਆਸ ਮੈਚ ਦੌਰਾਨ ਕੈਨੇਡਾ ਉਰੂਗਏ ਤੋਂ 3-1 ਦੇ ਫਰਕ ਨਾਲ ਹਾਰ ਗਿਆ ਸੀ। ਕੈਨੇਡੀਅਨ ਟੀਮ ਦਾ ਇਸ ਤੋਂ ਪਹਿਲਾਂ ਕਤਰ ਨਾਲ ਕਦੇ ਸਾਹਮਣਾ ਨਹੀਂ ਹੋਇਆ ਹੈ।