ਅੰਦਰੋਂ ਹੀ ਉੱਠ ਰਹੀਆਂ ਵਿਰੋਧੀ ਸੁਰਾਂ ਨੂੰ ‘ਕਾਬੂ’ ਵਿੱਚ ਰੱਖਣ ਅਤੇ ਲੋਕਾਂ ’ਚ ਗੁਆਚੀ ਜ਼ਮੀਨ ਤਲਾਸ਼ਣ ਦੇ ਮੁਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਇਹ ਕਦਮ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਗਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ ਕੀਤਾ। ਹੁਣ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਕੀ ਜਥੇਬੰਦਕ ਢਾਂਚਾ ਭੰਗ ਕਰਨ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਦੇ ਧਰਾਤਲ ’ਤੇ ਪੈਰ ਟਿਕ ਸਕਣਗੇ ਅਤੇ ਇਸ ਬਾਦਲ ਪਰਿਵਾਰ ਨੂੰ ਕੋਈ ਲਾਹਾ ਹੋਵੇਗਾ?
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮੁਤਾਬਕ ਕੋਰ ਕਮੇਟੀ ਸਮੇਤ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ’ਚ ਵਰਕਿੰਗ ਕਮੇਟੀ, ਸਾਰੇ ਅਹੁਦੇਦਾਰ ਤੇ ਹੋਰ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਝੂੰਦਾਂ ਕਮੇਟੀ ਦੀ ਰਿਪੋਰਟ ’ਤੇ ਵਿਚਾਰ-ਚਰਚਾ ਕਰ ਕੇ ਇਸ ਨੂੰ ਪ੍ਰਵਾਨ ਕਰਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਫਾਰਸ਼ਾਂ ਲਾਗੂ ਕਰਨ ਦੇ ਅਧਿਕਾਰ ਵੀ ਦਿੱਤੇ ਸਨ। ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ ਅਤੇ ਪੰਥਕ ਤੇ ਪੰਜਾਬੀ ਹਿੱਤਾਂ ਤੋਂ ਇਲਾਵਾ ਕਦਰਾਂ ਕੀਮਤਾਂ ਅਨੁਸਾਰ ਪਾਰਟੀ ’ਚ ਨਵੀਂ ਰੂਹ ਫੂਕੀ ਜਾਵੇ ਅਤੇ ਅਜਿਹਾ ਕਰਦਿਆਂ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ, ਕੇਡਰ ਤੇ ਲੀਡਰਸ਼ਿਪ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ।
ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਵੇਂ ਸਿਰੇ ਤੋਂ ਪੁਨਰਗਠਿਤ ਕੀਤਾ ਜਾਵੇ। ਸਿਫਾਰਸ਼ਾਂ ’ਚ ਨੌਜਵਾਨਾਂ ਦੀਆਂ ਇੱਛਾਵਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ’ਤੇ ਜ਼ੋਰ ਦਿੱਤਾ ਗਿਆ। ਪਾਰਟੀ ਪ੍ਰਧਾਨ ਹੁਣ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਸੀਨੀਅਰ ਸਾਥੀਆਂ ਦੇ ਨਾਲ-ਨਾਲ ਵਰਕਰਾਂ ਤੇ ਕੇਡਰ ਨਾਲ ਸਲਾਹ ਮਸ਼ਵਰਾ ਕਰਨਗੇ। ਬਾਦਲ ਵੱਖ-ਵੱਖ ਪੰਜਾਬੀ ਤੇ ਪੰਥਕ ਸ਼ਖ਼ਸੀਅਤਾਂ, ਖ਼ਾਸ ਕਰ ਕੇ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਤੇ ਸਿਆਸੀ ਬੁਲਾਰਿਆਂ, ਰਾਇ ਬਣਾਉਣ ਵਾਲਿਆਂ ਅਤੇ ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਅਧਿਆਪਕਾਂ, ਵਪਾਰੀਆਂ, ਸੁਆਣੀਆਂ ਤੇ ਨੌਜਵਾਨਾਂ ਆਦਿ ਸਮੇਤ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕਰਨਗੇ।
ਕਮੇਟੀ ਨੇ ਨੌਜਵਾਨਾਂ ਦੀਆਂ ਇੱਛਾਵਾਂ ਮੁਤਾਬਕ ਢਾਂਚਾ ਬਣਾਉਣ ਦੀ ਲੋਡ਼ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ’ਚ ਪ੍ਰਮੁੱਖਤਾ ਨਾਲ ਪ੍ਰਤੀਨਿਧਤਾ ਦੇਣ ਦੀ ਗੱਲ ਕੀਤੀ ਹੈ।
ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰਨਾ ਕੀ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਲਈ ਲਾਹੇਵੰਦ ਸਾਬਤ ਹੋਵੇਗਾ?
Related Posts
Add A Comment