ਸੰਯੁਕਤ ਅਰਬ ਅਮੀਰਾਤ ਦੇ ਕ੍ਰਿਕਟਰ ਅਯਾਨ ਅਫਜ਼ਲ ਖਾਨ ਨੇ ਗੀਲਾਂਗ ਦੇ ਸਿਮੰਡਸ ਸਟੇਡੀਅਮ ‘ਚ ਨੀਦਰਲੈਂਡ ਖਿਲਾਫ ਟੀ-20 ਵਰਲਡ ਕੱਪ 2022 ਦੇ ਗਰੁੱਪ ਏ ਦੇ ਦੂਜੇ ਮੈਚ ‘ਚ ਵੱਡਾ ਰਿਕਾਰਡ ਬਣਾਇਆ ਹੈ। ਅਯਾਨ ਟੀ-20 ਵਿਸ਼ਵ ਕੱਪ ਖੇਡਣ ਵਾਲੇ ਸਭ ਤੋਂ ਯੁਵਾ ਕ੍ਰਿਕਟਰ ਬਣ ਗਏ ਹਨ। ਸਾਲ 2005 ‘ਚ ਜਨਮੇ ਅਯਾਨ ਨੇ 16 ਸਾਲ 335 ਦਿਨ ਦੀ ਉਮਰ ‘ਚ ਟੀ-20 ਵਰਲਡ ਕੱਪ ਖੇਡ ਕੇ ਇਤਿਹਾਸ ਰਚ ਦਿੱਤਾ ਹੈ। ਬੱਲੇਬਾਜ਼ੀ ਆਲਰਾਊਂਡਰ ਅਯਾਨ ਹਾਲਾਂਕਿ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਨਹੀਂ ਕਰ ਸਕਿਆ। ਅਯਾਨ ਨੇ 7 ਗੇਂਦਾਂ ‘ਤੇ 5 ਦੌੜਾਂ ਬਣਾਈਆਂ। ਉਹ ਫਰੇਡ ਕਲਾਸੇਨ ਦੀ ਗੇਂਦ ‘ਤੇ ਟਾਮ ਕੂਪਰ ਦੇ ਹੱਥੋਂ ਕੈਚ ਆਊਟ ਹੋਇਆ। ਦੂਜੇ ਪਾਸੇ ਜਦੋਂ ਗੇਂਦਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਉਸਨੇ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ 3 ਓਵਰਾਂ ‘ਚ 15 ਦੌੜਾਂ ਦੇ ਕੇ 5 ਦੀ ਇਕਾਨਮੀ ਰੇਟ ‘ਤੇ ਇਕ ਵਿਕਟ ਲਈ। ਟੀ-20 ਵਰਲਡ ਕੱਪ ਖੇਡਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀਆਂ ‘ਚ ਅਯਾਨ ਅਫਜ਼ਲ ਖਾਨ 16 ਸਾਲ 335 ਦਿਨ ਤੋਂ ਇਲਾਵਾ ਪਾਕਿਸਤਾਨ ਦਾ ਮੁਹੰਮਦ ਆਮਿਰ 17 ਸਾਲ 55 ਦਿਨ-2009, ਅਫਗਾਨਿਸਤਾਨ ਦਾ ਰਾਸ਼ਿਦ ਖਾਨ 17 ਸਾਲ 170 ਦਿਨ-2016, ਪਾਕਿਸਤਾਨ ਦਾ ਹੀ ਅਹਿਮਦ ਸ਼ਹਿਜ਼ਾਦ 17 ਸਾਲ 196 ਦਿਨ-2009, ਆਇਰਲੈਂਡ ਦਾ ਜਾਰਜ ਡੌਕਰੇਲ 17 ਸਾਲ 282 ਦਿਨ-2010 ਸ਼ਾਮਲ ਹਨ।