ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੰਭਾਵੀ ਖ਼ਤਰਾ ਦੇਖਦੇ ਹੋਏ ਮਾਨਸਾ ਪੁਲੀਸ ਨੇ ਉਸ ਦੇ ਜੱਦੀ ਪਿੰਡ ‘ਚ ਭਾਰੀ ਗਿਣਤੀ ‘ਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਹੈ। ਪਿੰਡ ‘ਚ ਥਾਂ-ਥਾਂ ਨਾਕੇਬੰਦੀ ਕੀਤੀ ਗਈ ਹੈ। ਉਨ੍ਹਾਂ ਦੇ ਪਿੰਡ ਮੌਕ ਡਰਿੱਲ ਕਰਵਾਈ ਜਿਸ ਕਾਰਨ ਪਿੰਡ ਮੂਸਾ ਦੀਆਂ ਸਾਰੀਆਂ ਸੜਕਾਂ ‘ਤੇ ਪੁਲੀਸ ਸੁਰੱਖਿਆ ਵਧਾਉਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਇਸ ਮੌਕ ਡਰਿੱਲ ਦਾ ਭਾਵੇਂ ਬਹੁਤੇ ਪੁਲੀਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਨਹੀਂ ਸੀ ਪਤਾ, ਪਰ ਪਿੰਡ ਨੂੰ ਜਾਂਦੇ ਸਾਰੇ ਰਸਤਿਆਂ ‘ਤੇ ਆਮ ਰਾਹਗੀਰਾਂ ਦੀ ਕੀਤੀ ਗਈ ਤਲਾਸ਼ੀ ਨੇ ਪਿੰਡ ਵਾਸੀਆਂ ‘ਚ ਮੂਸੇਵਾਲਾ ਦੀ ਹਵੇਲੀ ‘ਤੇ ਹਮਲਾ ਹੋਣ ਸਬੰਧੀ ਪੈਦਾ ਕੀਤੇ ਸ਼ੱਕ ਨੇ ਡਰ ਪੈਦਾ ਕਰ ਦਿੱਤਾ ਅਤੇ ਲੋਕ ਘਰਾਂ ਅੰਦਰ ਵੜ ਕੇ ਰਹਿ ਗਏ। ਪਿੰਡ ‘ਚ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਅਤੇ ਨੇੜੇ 150 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਪੁਲੀਸ ਨੇ ਇੱਕ ਨਿਗਰਾਨੀ ਟੀਮ ਦੇ ਨਾਲ ਇਕ ਐੱਲ.ਐੱਮ.ਜੀ. ਫਿੱਟ ਵਾਹਨ ਵੀ ਹਵੇਲੀ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ, ਜੋ ਦੇਰ ਸ਼ਾਮ ਤੱਕ ਉਥੇ ਹੀ ਰਿਹਾ। ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਤੋਂ ਬਾਅਦ ਪਹਿਲੀ ਵਾਰ ਵੱਡੀ ਪੱਧਰ ‘ਤੇ ਪੁਲੀਸ ਨੂੰ ਹਵੇਲੀ ਦੇ ਬਾਹਰ ਵੇਖਿਆ ਗਿਆ। ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਸਮੇਤ ਕਈ ਹੋਰ ਕੇਂਦਰੀ ਆਗੂਆਂ ਦੇ ਫੇਰੀ ਵੇਲੇ ਵੀ ਇੰਨੀ ਵੱਡੀ ਪੱਧਰ ‘ਤੇ ਪੁਲੀਸ ਲੋਕਾਂ ਨੇ ਨਹੀਂ ਦੇਖੀ ਸੀ। ਇਸ ਘਟਨਾਕ੍ਰਮ ਕਾਰਨ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਿਨ੍ਹਾਂ ਨੂੰ ਸ਼ੱਕ ਸੀ ਕਿ ਪਰਿਵਾਰ ਦੀ ਸੁਰੱਖਿਆ ਨੂੰ ਕੋਈ ਖਤਰਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਗੈਂਗਸਟਰ ਗਰੁੱਪਾਂ ਤੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਖਤਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਤੰਬਰ ‘ਚ ਬਿਸ਼ਨੋਈ ਗੈਂਗ ਨੇ ਕਥਿਤ ਤੌਰ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਬਠਿੰਡਾ ਰੇਂਜ ਦੇ ਆਈ.ਜੀ.ਪੀ. ਐੱਸ.ਪੀ.ਐੱਸ. ਪਰਮਾਰ ਨੇ ਦੱਸਿਆ ਕਿ ਸਕੂਲਾਂ, ਰੇਲਵੇ ਸਟੇਸ਼ਨਾਂ ਤੇ ਹੋਰ ਅਜਿਹੀਆਂ ਸੰਵੇਦਨਸ਼ੀਲ ਥਾਵਾਂ ‘ਚ ਰੂਟੀਨ ਡਰਿੱਲ ਕੀਤੀ ਜਾ ਰਹੀ ਹੈ ਤੇ ਇਸੇ ਤਹਿਤ ਸਿੱਧੂ ਮੂਸੇਵਾਲਾ ਦੇ ਹਵੇਲੀ ਉਤੇ ਵੀ ਅਜਿਹੀ ਮੌਕ ਡਰਿੱਲ ਹੀ ਕੀਤੀ ਗਈ ਹੈ। ਇਸੇ ਦੌਰਾਨ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਬੀਤੀ ਰਾਤ ਵਿਦੇਸ਼ ਚਲੇ ਗਏ ਹਨ। ਉਨ੍ਹਾਂ ਨੂੰ ਪੰਜਾਬ ਪੁਲੀਸ ਦੀ ਇਕ ਟੀਮ ਏਅਰਪੋਰਟ ਤੱਕ ਛੱਡ ਕੇ ਆਈ ਹੈ। ਸੂਤਰਾਂ ਅਨੁਸਾਰ ਬਲਕੌਰ ਸਿੰਘ ਇੰਗਲੈਂਡ ਗਏ ਹਨ।