ਲੁਧਿਆਣਾ ਦੇ ਹਲਕਾ ਗਿੱਲ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਉਹ ਵਿਜੀਲੈਂਸ ਅੱਗੇ ਚੌਥੀ ਵਾਰ ਪੇਸ਼ ਹੋਏ ਜਿਥੇ ਕਰੀਬ ਛੇ ਘੰਟੇ ਤੱਕ ਵਿਜੀਲੈਂਸ ਅਧਿਕਾਰੀਆਂ ਨੇ ਕੁਲਦੀਪ ਵੈਦ ਤੋਂ ਪੁੱਛ-ਪੜਤਾਲ ਕੀਤੀ। ਸਾਬਕਾ ਵਿਧਾਇਕ ਦੁਪਹਿਰ ਕਰੀਬ 1 ਵਜੇ ਵਿਜੀਲੈਂਸ ਦਫ਼ਤਰ ਪੁੱਜੇ। ਇਸ ਦੌਰਾਨ ਉਹ ਆਪਣੇ ਨਾਲ ਕੁਝ ਕਾਗਜ਼ਾਤ ਲਿਆਏ ਸਨ। ਕਰੀਬ 6 ਘੰਟੇ ਪੜਤਾਲ ਤੋਂ ਬਾਅਦ ਸ਼ਾਮ 7 ਵਜੇ ਉਹ ਵਿਜੀਲੈਂਸ ਦਫ਼ਤਰ ‘ਚੋਂ ਬਾਹਰ ਆਏ। ਉਨ੍ਹਾਂ ਨੂੰ 26 ਨੂੰ ਮੁੜ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵੈਦ ਤੋਂ ਵਿਜੀਲੈਂਸ ਦੀ ਟੀਮ ਨੇ ਕਈ ਸਵਾਲਾਂ ਦੇ ਜਵਾਬ ਪੁੱਛੇ ਤੇ ਜੋ ਪਰਫਾਰਮਾ ਉਨ੍ਹਾਂ ਨੂੰ ਭਰਨ ਲਈ ਦਿੱਤਾ ਗਿਆ ਸੀ, ਉਹ ਮੰਗਿਆ ਗਿਆ। ਵਿਜੀਲੈਂਸ ਦੀ ਟੀਮ ਵੱਲੋਂ ਮੰਗੇ ਗਏ ਕਾਗਜ਼ ਕੁਲਦੀਪ ਵੈਦ ਚੌਥੀ ਵਾਰ ਵੀ ਨਹੀਂ ਲਿਆਏ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਅਗਲੀ ਵਾਰ ਵਿਜੀਲੈਂਸ ਸਾਹਮਣੇ ਆਪਣੇ ਪੂਰੇ ਕਾਗਜ਼ਾਤ ਜਮ੍ਹਾਂ ਕਰਵਾ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਛੇ ਘੰਟਿਆਂ ਦੌਰਾਨ ਉਨ੍ਹਾਂ ਦੀ ਜਾਇਦਾਦ ਅਤੇ ਪਰਿਵਾਰ ਦੀਆਂ ਜਾਇਦਾਦਾਂ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਜੋ ਕਾਗਜ਼ਾਤ ਸਾਬਕਾ ਵਿਧਾਇਕ ਵੈਦ ਲੈ ਕੇ ਆਏ ਸਨ, ਉਨ੍ਹਾਂ ਦੀ ਵੀ ਜਾਂਚ ਕੀਤੀ ਤੇ ਪੂਰੀ ਰਿਪੋਰਟ ਵੀ ਮੰਗੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਨਗਰ ਨਿਗਮ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਤੋਂ ਕੁਲਦੀਪ ਸਿੰਘ ਵੈਦ ਦੀਆਂ ਪ੍ਰਾਪਰਟੀਆਂ ਸਬੰਧੀ ਵੀ ਜਾਣਕਾਰੀ ਮੰਗੀ ਹੈ। ਜ਼ਿਕਰਯੋਗ ਹੈ ਕਿ ਐਤਕੀਂ ਵਿਧਾਨ ਸਭਾ ਚੋਣ ਹਾਰਨ ਵਾਲੇ ਵੈਦ ਹਲਕਾ ਗਿੱਲ ਦੇ ਵਿਧਾਇਕ ਬਣਨ ਤੋਂ ਪਹਿਲਾਂ ਪ੍ਰਸ਼ਾਸਨਿਕ ਸੇਵਾ ‘ਚ ਸਨ।