ਹਲਕਾ ਧੂਰੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਵਿਜੀਲੈਂਸ ਬਿਊਰੋ ਵਲੋਂ ਭੇਜੇ ਸੰਮਨ ‘ਤੇ ਪੁੱਛਗਿੱਛ ‘ਚ ਸ਼ਾਮਲ ਹੋਣ ਲਈ ਵਿਜੀਲੈਂਸ ਦਫ਼ਤਰ ਪੁੱਜੇ ਪਰ ਜਿਨ੍ਹਾਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾਣੀ ਸੀ ਉਹ ਖੁਦ ਹੀ ਦਫ਼ਤਰ ‘ਚ ਨਹੀਂ ਮਿਲੇ। ਇਸ ਕਾਰਨ ਦਲਵੀਰ ਸਿੰਘ ਗੋਲਡੀ ਨੂੰ ਬਗੈਰ ਕਿਸੇ ਪੁੱਛ-ਪੜਤਾਲ ਤੋਂ ਵਾਪਸ ਪਰਤਣਾ ਪਿਆ। ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਦੇ ਦਫ਼ਤਰ ਪੁੱਜੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਲਵੀਰ ਸਿੰਘ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਜੀਲੈਂਸ ਬਿਊਰੋ ਵਲੋਂ ਉਨ੍ਹਾਂ ਨੂੰ ਸੱਦਿਆ ਗਿਆ ਸੀ। ਵਿਜੀਲੈਂਸ ਵਲੋਂ 13 ਮਾਰਚ ਨੂੰ ਇਕ ਪਰਵਾਨਾ ਭੇਜਿਆ ਗਿਆ ਸੀ ਜੋ 14 ਮਾਰਚ ਨੂੰ ਮਿਲਿਆ ਜਿਸ ਕਾਰਨ ਉਹ ਅੱਜ ਵਿਜੀਲੈਂਸ ਦਫ਼ਤਰ ਪੁੱਜੇ। ਉਨ੍ਹਾਂ ਵਿਜੀਲੈਂਸ ਵਲੋਂ ਭੇਜੇ ਸੰਮਨ ਦੀ ਕਾਪੀ ਵਿਖਾਉਂਦਿਆਂ ਦੱਸਿਆ ਕਿ ਇਸ ‘ਚ ਕੋਈ ਵਿਸ਼ੇਸ਼ ਕਥਨ ਦਰਜ ਨਹੀਂ ਹੈ ਕਿ ਉਨ੍ਹਾਂ ਨੂੰ ਕਿਸ ਲਈ ਬੁਲਾਇਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕੀ ਸ਼ਿਕਾਇਤ ਹੈ ਅਤੇ ਵਿਜੀਲੈਂਸ ਨੂੰ ਕੀ ਜਾਣਕਾਰੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਅਧਿਕਾਰੀ ਜੋ ਵੀ ਪੁੱਛਣਾ ਚਾਹੁੰਦੇ ਹਨ, ਉਹ ਇਸ ਲਈ ਤਿਆਰ ਹਨ। ਗੋਲਡੀ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਖ਼ਿਲਾਫ਼ ਚੋਣ ਲੜੀ ਹੈ, ਇਸ ਕਰਕੇ ਅਜਿਹਾ ਕੁਝ ਤਾਂ ਝੱਲਣਾ ਹੀ ਪੈਣਾ ਹੈ ਪਰ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਵਿਜੀਲੈਂਸ ਦਫ਼ਤਰ ਵਲੋਂ ਦੱਸਿਆ ਗਿਆ ਹੈ ਕਿ ਗੋਲਡੀ ਨੂੰ ਭਲਕੇ ਜਾਂ ਪਰਸੋਂ ਮੁੜ ਸੱਦਿਆ ਜਾਵੇਗਾ।