ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਪਰਿਵਾਰ ਦੀ ਮਾਲਕੀ ਵਾਲੀ ਗਰੀਨ ਕੰਪਨੀ ਦੀਆਂ 14 ਬੱਸਾਂ ਨੂੰ ਕੁਰਕ ਕਰਨ ਦੇ ਹੁਕਮ ਜਾਰੀ ਹੋਏ ਹਨ। ਇਹ ਆਦੇਸ਼ ਫਰੀਦਕੋਟ ਦੇ ਸਿਵਲ ਜੱਜ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਜਾਰੀ ਕੀਤੇ ਹਨ। ਗਰੀਨ ਰੋਡਵੇਜ਼ ਦੀਆਂ ਇਸ ਵੇਲੇ 30 ਤੋਂ ਵੱਧ ਬੱਸਾਂ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਗਰੀਨ ਰੋਡਵੇਜ਼ ਦੇ 7 ਮੁਲਾਜ਼ਮਾਂ ਨੇ ਕੰਪਨੀ ਖ਼ਿਲਾਫ਼ 1996 ‘ਚ ਰੋਸ ਮੁਜ਼ਾਹਰਾ ਕੀਤਾ ਸੀ ਅਤੇ ਉਸ ਤੋਂ ਬਾਅਦ ਕੰਪਨੀ ਨੇ ਰੋਸ ਮੁਜ਼ਾਹਰਾ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਪੜਤਾਲ ਕਰਕੇ ਉਨ੍ਹਾਂ ਨੂੰ ਕੰਪਨੀ ਦਾ ਨੁਕਸਾਨ ਕਰਨ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਨੌਕਰੀ ਤੋਂ ਕੱਢ ਦਿੱਤਾ ਸੀ ਪਰ ਲੇਬਰ ਕੋਰਟ ਨੇ ਮਈ 1997 ‘ਚ ਕੰਪਨੀ ਦੇ ਮੁਲਾਜ਼ਮ ਗੁਰਚਰਨ ਸਿੰਘ, ਜੀਤ ਸਿੰਘ, ਜਗਰੂਪ ਸਿੰਘ, ਪ੍ਰਿਤਪਾਲ ਸਿੰਘ, ਵਿਸ਼ੰਬਰ ਦਾਸ ਅਤੇ ਕੁਲਦੀਪ ਸਿੰਘ ਨੂੰ ਨੌਕਰੀ ‘ਤੇ ਬਹਾਲ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਇਸ ਦੇ ਨਾਲ ਹੀ 50 ਫ਼ੀਸਦੀ ਤਨਖਾਹ ਦਾ ਬਕਾਇਆ ਵੀ ਦੋ ਮਹੀਨਿਆਂ ‘ਚ ਅਦਾ ਕਰਨ ਲਈ ਕਿਹਾ ਸੀ ਪਰ 26 ਸਾਲ ਬੀਤਣ ਦੇ ਬਾਵਜੂਦ ਵੀ ਕੰਪਨੀ ਨੇ ਮੁਲਾਜ਼ਮਾਂ ਨੂੰ ਬਕਾਇਆ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਨੂੰ ਨੌਕਰੀ ‘ਤੇ ਬਹਾਲ ਕੀਤਾ। ਕੰਪਨੀ ਨੇ ਲੇਬਰ ਕੋਰਟ ਬਠਿੰਡਾ ਦਾ ਫੈਸਲਾ ਰੱਦ ਕਰਵਾਉਣ ਲਈ ਹਾਈ ਕੋਰਟ ‘ਚ ਰਿੱਟ ਦਾਇਰ ਕੀਤੀ ਸੀ ਅਤੇ ਹਾਈ ਕੋਰਟ ਨੇ ਮਾਰਚ 2019 ‘ਚ ਗਰੀਨ ਰੋਡਵੇਜ਼ ਦੀ ਰਿੱਟ ਵੀ ਖਾਰਜ ਕਰ ਦਿੱਤੀ ਸੀ। ਰਿੱਟ ਖਾਰਜ ਹੋਣ ਤੋਂ ਚਾਰ ਸਾਲ ਬਾਅਦ ਵੀ ਮੁਲਾਜ਼ਮਾਂ ਦੇ ਬਕਾਏ ਅਦਾ ਨਹੀਂ ਕੀਤੇ ਗਏ ਜਿਸ ਕਰਕੇ ਅਦਾਲਤ ਨੇ ਮੁਲਾਜ਼ਮਾਂ ਦੇ ਬਕਾਇਆਂ ਦੀ ਰਿਕਵਰੀ ਲਈ ਗਰੀਨ ਰੋਡਵੇਜ਼ ਦੀਆਂ 14 ਬੱਸਾਂ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ 5 ਜੁਲਾਈ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਹਨ।