ਵਿਜੀਲੈਂਸ ਵਿਭਾਗ ਬਠਿੰਡਾ ਨੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਪੁੱਛਗਿੱਛ ਲਈ ਤਲਬ ਕੀਤਾ। ਇਸ ਸਮੇਂ ਪੇਸ਼ ਹੋਣ ‘ਤੇ ਕਾਂਗੜ ਤੋਂ ਵਿਜੀਲੈਂਸ ਅਧਿਕਾਰੀਆਂ ਨੇ ਕਰੀਬ 7 ਘੰਟੇ ਤੱਕ ਪੁੱਛਗਿੱਛ ਕੀਤੀ। ਵਿਭਾਗ ਦੀ ਜਾਂਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣਾ ਜਵਾਬ ਦੇ ਦਿੱਤਾ ਹੈ ਪਰ ਉਹ ਹੈਰਾਨ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਜਾਅਲੀ ਸ਼ਿਕਾਇਤ ‘ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਿਰਫ਼ ਪੁੱਛਗਿੱਛ ਲਈ ਬੁਲਾਇਆ ਸੀ ਪਰ ਇਸ ਦੌਰਾਨ ਵਿਜੀਲੈਂਸ ਦੇ ਐੱਸ.ਐੱਸ.ਪੀ., ਡੀ.ਐੱਸ.ਪੀ. ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਵੱਲੋਂ ਉਸ ਨਾਲ ਮਾੜਾ ਸਲੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਨਾਲ ਅਜਿਹਾ ਸਲੂਕ ਠੀਕ ਨਹੀਂ ਹੈ, ਇਹ ਸਭ ਕੁਝ ਸਿਆਸੀ ਰੰਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਤ ਬਹੁਤ ਮਾੜੀ ਹੈ। ਦੂਜੇ ਪਾਸੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਅਤੇ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਲੁਧਿਆਣਾ ‘ਚ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਵਿਜੀਲੈਂਸ ਦਫ਼ਤਰ ‘ਚ ਅਧਿਕਾਰੀਆਂ ਨੇ ਕਰੀਬ ਸਾਢੇ 6 ਘੰਟੇ ਤੱਕ ਸਾਬਕਾ ਵਿਧਾਇਕ ਤੋਂ ਪੁੱਛ ਪੜਤਾਲ ਕੀਤੀ। ਇਸ ਦੌਰਾਨ ਕੁਲਦੀਪ ਸਿੰਘ ਵੈਦ ਤੋਂ ਅਧਿਕਾਰੀਆਂ ਨੇ ਕਈ ਸਵਾਲ ਪੁੱਛੇ। ਵਿਜੀਲੈਂਸ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਤੋਂ ਕਾਗਜ਼ਾਤ ਮੰਗੇ ਸਨ ਤੇ ਇਹ ਕਾਗਜ਼ ਲੈ ਕੇ ਉਹ ਵਿਜੀਲੈਂਸ ਦਫ਼ਤਰ ਪੁੱਜੇ। ਇਸ ਦੇ ਬਾਵਜੂਦ ਵਿਜੀਲੈਂਸ ਅਧਿਕਾਰੀਆਂ ਦੀ ਸੰਤੁਸ਼ਟੀ ਨਾ ਹੋਈ ਜਿਸ ਕਾਰਨ ਉਨ੍ਹਾਂ ਮੁੜ ਸਾਬਕਾ ਵਿਧਾਇਕ ਤੋਂ ਸਾਰੀ ਜਾਇਦਾਦ ਦੇ ਵੇਰਵੇ ਦੇ ਨਾਲ ਨਾਲ ਬੈਂਕ ਡਿਟੇਲ ਵੀ ਮੰਗਵਾਈ ਹੈ। ਹੁਣ ਵਿਜੀਲੈਂਸ ਦੀ ਟੀਮ ਸਾਬਕਾ ਵਿਧਾਇਕ ਨੂੰ ਅਗਲੇ ਹਫ਼ਤੇ ਮੁੜ ਸੱਦ ਸਕਦੀ ਹੈ। ਵਿਜੀਲੈਂਸ ਵਿਭਾਗ ਦੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਤੋਂ ਪ੍ਰਾਪਰਟੀ ਸਬੰਧੀ ਜਾਣਕਾਰੀ ਲਈ ਗਈ ਹੈ ਤੇ ਉਨ੍ਹਾਂ ਤੋਂ ਕੁਝ ਕਾਗਜ਼ਾਤ ਵੀ ਮੰਗਵਾਏ ਗਏ ਹਨ।