ਪੰਜਾਬ ਦੀਆਂ ਮੰਡੀਆਂ ‘ਚ ਹੋਏ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਤੇਲੂ ਰਾਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ. ਮੀਨੂੰ ਪੰਕਜ ਮਲਹੋਤਰਾ ਨੂੰ ਵੀ ਨਾਜ਼ਮਦ ਕਰ ਲਿਆ ਗਿਆ ਹੈ। ਸਰਕਾਰ ਇਸ ਮਾਮਲੇ ‘ਚ ਕਿਤੇ ਨਾ ਕਿਤੇ ਸਾਬਕਾ ਕੈਬਨਿਟ ਮੰਤਰੀ ਨੂੰ ਘੇਰਨ ਦੀ ਤਿਆਰੀ ‘ਚ ਹੈ। ਸਵੇਰੇ ਤਿੰਨ ਵਜੇ ਦੇ ਕਰੀਬ ਵਿਜੀਲੈਂਸ ਦੀ ਟੀਮ ਆਸ਼ੂ ਦੇ ਪੀ.ਏ. ਦੇ ਜਵਾਹਰ ਨਗਰ ਕੈਂਪ ਸਥਿਤ ਘਰ ਪੁੱਜੀ ਸੀ, ਪਰ ਮੀਨੂੰ ਪਹਿਲਾਂ ਤੋਂ ਫ਼ਰਾਰ ਸੀ। ਸੂਤਰ ਦੱਸਦੇ ਹਨ ਕਿ ਆਸ਼ੂ ਦੇ ਪੀ.ਏ. ਮੀਨੂੰ ਦੇ ਨਾਮਜ਼ਦ ਹੋਣ ਤੋਂ ਬਾਅਦ ਉਨ੍ਹਾਂ ਦੇ ਕਈ ਅਜਿਹੇ ਨਜ਼ਦੀਕੀ ਹਨ, ਜੋ ਘਰਾਂ ਤੋਂ ਫ਼ਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਦਾਣਾ ਮੰਡੀਆਂ ‘ਚ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਲਈ ਮਜ਼ਦੂਰਾਂ ਤੇ ਵਾਹਨਾਂ ਨੂੰ ਲੈ ਕੇ ਟੈਂਡਰ ਜਾਰੀ ਹੋਏ ਸਨ। ਇਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਅਜਿਹੇ ਵਾਹਨਾਂ ਦੇ ਨੰਬਰ ਲਾਏ ਗਏ, ਜੋ ਟਰੱਕਾਂ ਦੀ ਥਾਂ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਸਨ। ਜਿਨ੍ਹਾਂ ਵਾਹਨਾਂ ਦੇ ਇਹ ਨੰਬਰ ਹਨ, ਉਹ ਮਾਲ ਢੋਹਣ ਲਈ ਯੋਗ ਹੀ ਨਹੀਂ ਹਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀਆਂ ਦੇ ਕਾਫ਼ੀ ਨਜ਼ਦੀਕੀ ਸਨ। ਇਸ ਕਾਰਨ ਮਿਲੀਭੁਗਤ ਕਰਕੇ ਉਸ ਨੂੰ ਟੈਂਡਰ ਦਿੱਤੇ ਗਏ। ਇਹ ਵੀ ਦੱਸਿਆ ਗਿਆ ਹੈ ਕਿ ਇਸ ਮਿਲੀਭੁਗਤ ‘ਚ ਸਭ ਤੋਂ ਵੱਡਾ ਹੱਥ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸੀ। ਹੁਣ ਵਿਜੀਲੈਂਸ ਦੀ ਟੀਮ ਇਹ ਜਾਂਚ ਕਰਨ ‘ਚ ਲੱਗੀ ਹੈ ਮੀਨੂੰ ਪੰਕਜ ਮਲਹੋਤਰਾ ਰਾਹੀਂ ਕਿਹੜਾ ਕਿਹੜਾ ਫੂਡ ਐਂਡ ਸਪਲਾਈ ਵਿਭਾਗ ਦਾ ਅਧਿਕਾਰੀ ਇਸ ਮਾਮਲੇ ‘ਚ ਸ਼ਾਮਲ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਤੇਲੂ ਰਾਮ ਤੇ ਮੀਨੂੰ ਪੰਕਜ ਮਲਹੋਤਰਾ ਵਿੱਚ ਕਾਫ਼ੀ ਨੇੜੇਲੇ ਸਬੰਧ ਸਨ ਤੇ ਇਸੇ ਦਾ ਫਾਇਦਾ ਚੁੱਕ ਕੇ ਤੇਲੂ ਰਾਮ ਨੇ ਵੱਡੇ ਟੈਂਡਰ ਲਏ ਸਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮੀਨੂੰ ਪੰਕਜ ਮਲਹੋਤਰਾ ਨੂੰ ਵਿਜੀਲੈਂਸ ਨੇ ਆਪਣੇ ਦਫ਼ਤਰ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਇਆ, ਜਿਸ ਕਾਰਨ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਨਾਮਜ਼ਦ ਕਰ ਲਿਆ। ਉਧਰ ਇਸ ਮਾਮਲੇ ਦੀ ਪੁਸ਼ਟੀ ਐੱਸ.ਐੱਸ.ਪੀ. ਵਿਜੀਲੈਂਸ ਲੁਧਿਆਣਾ ਰੇਂਜ ਰਵਿੰਦਰਪਾਲ ਸਿੰਘ ਸੰਧੂ ਕਰਦਿਆਂ ਦੱਸਿਆ ਕਿ ਮੁਲਜ਼ਮ ਤੇਲੂ ਰਾਮ ਤਿੰਨ ਦਿਨ ਦੇ ਪੁਲੀਸ ਰਿਮਾਂਡ ‘ਤੇ ਹੈ। ਸਾਬਕਾ ਕੈਬਨਿਟ ਮੰਤਰੀ ਦੇ ਨਜ਼ਦੀਕੀ ਸਾਥੀ ਤੇ ਪੀ.ਏ. ਕਹੇ ਜਾਣ ਵਾਲੇ ਮੀਨੂੰ ਪੰਕਜ ਮਲਹੋਤਰਾ ਨੂੰ ਵੀ ਨਾਜ਼ਮਦ ਕਰ ਲਿਆ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਮਾਮਲੇ ‘ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।