ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਮੰਗਲਵਾਰ ਨੂੰ ਮੁਹਾਲੀ ਦੇ ਪ੍ਰਾਈਵੇਟ ਫੋਰਟਿਸ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਇਸ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ 21 ਅਪ੍ਰੈਲ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਉਹ ਆਈ.ਸੀ.ਯੂ. ਵਿੱਚ ਦਾਖ਼ਲ ਸਨ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਬਾਦਲ ਨੂੰ ਘਾਗ ਸਿਆਸਤਦਾਨ ਅਤੇ ਰਾਜਨੀਤੀ ਦੇ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ 95 ਸਾਲ ਦੀ ਉਮਰ ‘ਚ ਕਈ ਉਤਰਾਅ ਚੜ੍ਹਾਅ ਦੇਖੇ। ਸਿਆਸਤ ਦੇ ਸਿਖਰ ‘ਤੇ ਪਹੁੰਚਣ ਮਗਰੋਂ ਸਿਫਰ ਹੋ ਕੇ ਫਿਰ ਨਵੀਂ ਸ਼ੁਰੂਆਤ ਕਰਕੇ ਸਿਖਰ ‘ਤੇ ਪੁੱਜਣ ਕਾਰਨ ਉਨ੍ਹਾਂ ਨੂੰ ਕਿਸਮਤ ਦਾ ਧਨੀ ਮੰਨਿਆ ਜਾਂਦਾ ਸੀ। ਸਰਪੰਚੀ ਦੀ ਚੋਣ ਜਿੱਤ ਕੇ ਸਿਆਸਤ ‘ਚ ਆਏ ਬਾਦਲ ਬਲਾਕ ਸੰਮਤੀ ਦੇ ਮੈਂਬਰ ਤੇ ਚੇਅਰਮੈਨ ਵੀ ਬਣੇ। ਉਨ੍ਹਾਂ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ ‘ਚ ਮਾਤਾ ਸੁੰਦਰੀ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਘੂਰਾਜ ਸਿੰਘ ਸੀ। ਉਹ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਤੱਕ ਤੇ 2007 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦੇ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਕ ਮਜ਼ਬੂਤ ਪ੍ਰਭਾਵ ਰਿਹਾ। ਉਹ ਆਮ ਤੌਰ ‘ਤੇ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਾਅਦ ਦੂਜੇ ਸਭ ਤੋਂ ਸ਼ਕਤੀਸ਼ਾਲੀ ਸਿੱਖ ਨੇਤਾ ਦੇ ਰੂਪ ‘ਚ ਦੁਨੀਆ ਭਰ ‘ਚ ਜਾਣੇ ਜਾਂਦੇ ਸਨ। ਲਾਹੌਰ ਦੇ ਫੋਰਸੇਨ ਕ੍ਰਿਸ਼ਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ 1947 ‘ਚ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ‘ਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦੇ ਸਰਪੰਚ ਅਤੇ ਬਾਅਦ ‘ਚ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਰਹੇ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਵਕੀਲ ਬਣਨਾ ਚਾਹੁੰਦੇ ਸਨ ਅਤੇ ਪੰਜਾਬ ਯੂਨੀਵਰਸਿਟੀ ‘ਚ ਐੱਲ.ਐੱਲ.ਬੀ. ‘ਚ ਦਾਖ਼ਲਾ ਤਾਂ ਲਿਆ ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਨਾਲ ਸਿਆਸੀ ਤੌਰ ‘ਤੇ ਸਰਗਰਮ ਹੋ ਗਏ। 1957 ‘ਚ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ। ਫਿਰ 1969 ‘ਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ ਦਲ ਤੇ ਜਨਸੰਘ ਦੀ ਸਾਂਝੀ ਸਰਕਾਰ ‘ਚ ਮੰਤਰੀ ਰਹੇ। ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਇਕ (1 ਵਾਰ ਮਲੋਟ ਅਤੇ 5-5 ਵਾਰ ਗਿੱਦੜਬਾਹਾ ਅਤੇ ਲੰਬੀ ਤੋਂ), 5 ਵਾਰ ਮੁੱਖ ਮੰਤਰੀ ਅਤੇ 1 ਵਾਰ ਕੇਂਦਰੀ ਮੰਤਰੀ ਰਹੇ। ਉਹ 2022 ਆਪਣੀ ਆਖਰੀ ਵਿਧਾਨ ਸਭਾ ਚੋਣ ‘ਚ ਲੰਬੀ ਵਿਧਾਨ ਸਭਾ ਹਲਕੇ ਤੋਂ ਹਾਰ ਗਏ ਸਨ। 1970 ‘ਚ ਬਾਦਲ 43 ਸਾਲ ਦੀ ਉਮਰ ‘ਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ। 2017 ‘ਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।