ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਚੰਨੀ ਨੂੰ ਇਹ ਰਾਹਤ ਚੋਣ ਜ਼ਾਬਤੇ ਦੀ ਉਲੰਘਣ ਦੇ ਮਾਮਲੇ ‘ਚ ਦਿੱਤੀ ਹੈ। ਹਾਈ ਕੋਰਟ ਨੇ ਮਾਨਸਾ ਅਦਾਲਤ ਦੇ ਪ੍ਰੋਸੀਡਿੰਗ ‘ਤੇ ਅਗਲੇ ਹੁਕਮਾਂ ਤੱਕ ਸਟੇਅ ਲਗਾ ਦਿੱਤਾ ਹੈ। ਚੰਨੀ ਨੂੰ 12 ਜਨਵਰੀ ਨੂੰ ਮਾਨਸਾ ਦੀ ਅਦਾਲਤ ਪੇਸ਼ ਹੋਣ ਦੇ ਹੁਕਮ ਸਨ। ਮਾਨਸਾ ਅਦਾਲਤ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਪੁਲੀਸ ਵਲੋਂ ਦਿੱਤੇ ਸੰਮਨ ਨੂੰ ਚੰਨੀ ਨੇ ਰਸੀਵ ਵੀ ਕਰ ਲਿਆ ਸੀ। ਅਮਰੀਕਾ ਤੋਂ ਪਰਤਣ ਤੋਂ ਬਾਅਦ ਚੰਨੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਰਾਤ ਰੁਕੇ ਸਨ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਇਹ ਸੰਮਨ ਦਿੱਤੇ ਸਨ। ਦਰਅਸਲ ਚਰਨਜੀਤ ਚੰਨੀ ਅੱਠ ਮਹੀਨੇ ਬਾਅਦ ਹਾਲ ਹੀ ‘ਚ ਵਿਦੇਸ਼ੋਂ ਪਰਤੇ ਸਨ। ਚੰਨੀ ਨੇ ਆਖਿਆ ਸੀ ਕਿ ਉਹ ਪੀਐੱਚਡੀ ਦੀ ਪੜ੍ਹਾਈ ਅਤੇ ਅੱਖਾਂ ਦੇ ਇਲਾਜ ਲਈ ਵਿਦੇਸ਼ ਗਏ ਸਨ। ਦੇਸ਼ ਵਾਪਸੀ ‘ਤੇ ਉਨ੍ਹਾਂ ਨੇ ਨਵੀਂ ਦਿੱਲੀ ‘ਚ ਸਭ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨਾਲ ਹਿਮਾਚਲ ਪ੍ਰਦੇਸ਼ ‘ਚ ਪਾਰਟੀ ਦੀ ਜਿੱਤ ‘ਤੇ ਮੁਲਾਕਾਤ ਕੀਤੀ ਅਤੇ ਵਧਾਈ ਦਿੱਤੀ। ਇਸ ਤੋਂ ਬਾਅਦ ਚੰਨੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਈ ਸੀਨਅਰ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਹ ਪੰਜਾਬ ਆਏ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਅਫਸੋਸ ਕਰਨ ਗਏ, ਜਿੱਥੇ ਉਨ੍ਹਾਂ ਨੂੰ ਪੁਲੀਸ ਨੇ ਇਹ ਸੰਮਨ ਦਿੱਤੇ ਸਨ।