ਅਮਰੀਕਾ ਦੇ ਮਿਸੀਸਿਪੀ ਸੂਬੇ ਦੀ ਟੇਟ ਕਾਉਂਟੀ ‘ਚ ਸਥਿਤ ਅਰਕਾਬੁਤਲਾ ਕਸਬੇ ‘ਚ ਵੱਖ-ਵੱਖ ਥਾਵਾਂ ‘ਤੇ 6 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਥੇ ਹੀ ਇਸ ਘਟਨਾ ਮਗਰੋਂ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਅਧਿਕਾਰੀਆਂ ਨੇ ਇਨ੍ਹਾਂ ਕਤਲਾਂ ਲਈ ਇਕ ਵਿਅਕਤੀ ‘ਤੇ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਸੀਸਿਪੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਬੁਲਾਰੇ ਬੇਲੀ ਮਾਰਟਿਨ ਨੇ ਟੇਟ ਕਾਉਂਟੀ ਦੇ ਅਰਕਾਬੁਤਲਾ ‘ਚ ਕਤਲਾਂ ਦੀ ਪੁਸ਼ਟੀ ਕੀਤੀ ਹੈ। ਕਾਉਂਟੀ ਸ਼ੈਰਿਫ ਬ੍ਰੈਡ ਲਾਂਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਕਤਲ ਇਕ ਸਟੋਰ ਅਤੇ ਦੋ ਘਰਾਂ ‘ਚ ਹੋਏ। ਸ਼ੈਰਿਫ ਵਿਭਾਗ ਦੀ ਇਕ ਪ੍ਰਸ਼ਾਸਨਿਕ ਕਰਮਚਾਰੀ ਕੈਥਰੀਨ ਕਿੰਗ ਨੇ ਕਿਹਾ ਕਿ 52 ਸਾਲਾ ਰਿਚਰਡ ਡੇਲ ਕਰਮ ਨੂੰ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗਵਰਨਰ ਟੇਟ ਰੀਵਜ਼ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਇਕ ਬਿਆਨ ‘ਚ ਰੀਵਜ਼ ਨੇ ਕਿਹਾ, ‘ਇਸ ਸਮੇਂ ਸਾਡਾ ਮੰਨਣਾ ਹੈ ਕਿ ਦੋਸ਼ੀ ਵਿਅਕਤੀ ਨੇ ਇਕੱਲੇ ਹੀ ਅਪਰਾਧ ਕੀਤਾ ਹੈ। ਉਸ ਦੇ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।’ ਇਕ ਹੋਰ ਖ਼ਬਰ ਮੁਤਾਬਕ ਮੁਲਜ਼ਮ ਨੇ ਆਪਣੀ ਸਾਬਕਾ ਪਤਨੀ ਅਤੇ ਮਤਰੇਏ ਪਿਤਾ ਸਮੇਤ ਛੇ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।