ਪੰਜਾਬ ਪੁਲੀਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਸਵਾ ਚਾਰ ਘੰਟਿਆਂ ਤੱਕ ਪੁੱਛ ਪਡ਼ਤਾਲ ਕੀਤੀ। ਏ.ਡੀ.ਜੀ.ਪੀ. ਐੱਲ.ਕੇ. ਯਾਦਵ ‘ਸਿਟ’ ਦੇ ਮੁਖੀ ਹਨ। ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸੈਣੀ ਨੇ ਪਹਿਲਾਂ ਭੇਜੇ ਗਏ ਦੋ ਸੰਮਨਾਂ ਦੀ ਪਾਲਣਾ ਨਹੀਂ ਕੀਤੀ ਸੀ। ਉਨ੍ਹਾਂ ਤੋਂ ਕੋਟਕਪੂਰਾ ਗੋਲੀ ਕਾਂਡ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਪੁੱਛ ਪਡ਼ਤਾਲ ਕੀਤੀ ਗਈ। ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਕਤੂਬਰ 2015 ’ਚ ਬੇਅਦਬੀ ਦੀਆਂ ਘਟਨਾਵਾਂ ਦੀ ਲਡ਼ੀ ਦਾ ਵਿਰੋਧ ਕਰ ਰਹੀ ਭੀਡ਼ ’ਤੇ ਗੋਲੀਬਾਰੀ ਕਰਨ ’ਚ ਪੁਲੀਸ ਗਲਤ ਸੀ ਜਾਂ ਨਹੀਂ। ਇਹ ਵੀ ਜਾਣਨਾ ਚਾਹੁੰਦੀ ਹੈ ਕਿ ਗੋਲੀਬਾਰੀ ਦਾ ਹੁਕਮ ਕਿਸ ਨੇ ਦਿੱਤਾ ਸੀ। ਕੀ ਇਹ ਫ਼ੈਸਲਾ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ’ਤੇ ਲਿਆ ਗਿਆ ਸੀ ਜਾਂ ਇਹ ਹੁਕਮ ਡੀ.ਜੀ.ਪੀ. ਸੈਣੀ ਜਾਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਨ। ਇਸ ਦਿਸ਼ਾ ’ਚ ਜਾਂਚ ਅੱਗੇ ਵਧਣ ’ਤੇ ਹੀ ਇਨ੍ਹਾਂ ਗੱਲਾਂ ਦਾ ਖੁਲਾਸਾ ਹੋ ਸਕੇਗਾ।