ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਇਕ ਹੋਰ ਸਾਬਕਾ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਵਿਜੀਲੈਂਸ ਵਿਭਾਗ ਦੀ ਰਡਾਰ ‘ਤੇ ਆਏ ਹਨ। ਮੰਤਰੀ ਸਾਧੂ ਸਿੰਘ ਧਰਮਸੌਤ, ਸ਼ਾਮ ਸੁੰਦਰ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਮਹਿੰਦਰਾ ਛੇਵੇਂ ਅਜਿਹੇ ਮੰਤਰੀ ਹਨ ਜਿਨ੍ਹਾਂ ਦੁਆਲੇ ਵਿਜੀਲੈਂਸ ਬਿਊਰੋ ਸ਼ਿਕੰਜਾ ਕੱਸ ਰਿਹਾ ਹੈ ਅਤੇ ਉਨ੍ਹਾਂ ਨੂੰ ਹੁਣ ਪੁੱਛਗਿੱਛ ਲਈ 24 ਫਰਵਰੀ ਨੂੰ ਤਲਬ ਕੀਤਾ ਹੈ। ਵਿਜੀਲੈਂਸ ਵਿਭਾਗ ਵੱਲੋਂ 24 ਫਰਵਰੀ ਨੂੰ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਮੁਹਾਲੀ ਸਥਿਤ ਵਿਜੀਲੈਂਸ ਦਫਤਰ ‘ਚ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਬਿਊਰੋ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਹਿੰਦਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ 6 ਸਾਲਾਂ ‘ਚ ਆਮਦਨ ਤੋਂ ਵੱਧ ਪੈਸਾ ਖਰਚ ਕੀਤਾ ਹੈ। ਵਿਜੀਲੈਂਸ ਨੇ ਮਹਿੰਦਰਾ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ਸਮੇਤ ਹੋਰ ਜਾਇਦਾਦ ਦੇ ਰਿਕਾਰਡ ਦੀ ਜਾਂਚ ਕਰਨ ਲਈ ਮਾਲ ਅਧਿਕਾਰੀਆਂ ਨੂੰ ਵੀ ਪੱਤਰ ਲਿਖਿਆ ਹੈ। ਵਿਜੀਲੈਂਸ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ‘ਚ ਤਾਇਨਾਤ ਇਕ ਅਧਿਕਾਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੋ ਮਹਿੰਦਰਾ ਦੇ ਨਾਲ ਵਿਸ਼ੇਸ਼ ਕਾਰਜ ਅਧਿਕਾਰੀ ਦੇ ਰੂਪ ‘ਚ ਤਾਇਨਾਤ ਸੀ। ਦੱਸਣਯੋਗ ਹੈ ਕਿ ਬ੍ਰਹਮ ਮਹਿੰਦਰਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਵਿਚ ਸੀਨੀਅਰਤਾ ‘ਚ ਦੂਜੇ ਸਥਾਨ ‘ਤੇ ਸਨ। ਉਨ੍ਹਾਂ ਨੇ 2017 ‘ਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਹ ਸਾਲ 2022 ਤੱਕ ਸਿਹਤ, ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ ਸਨ।