ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਕਾਂਗਰਸ ਸਰਕਾਰ ਸਮੇਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਨ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫ਼ਤਾਰੀ ਉਸ ਵੇਲੇ ਹੋਈ ਜਦੋਂ ਆਸ਼ੂ ਇਕ ਸੈਲੂਨ ‘ਤੇ ਵਾਲ ਕਟਵਾਉਣ ਲਈ ਆਏ ਹੋਏ ਸਨ। ਇਥੇ ਹੀ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਪੁੱਜ ਗਈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਬਿੱਟੂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਆਸ਼ੂ ਪਿਛਲੀ ਕਾਂਗਰਸ ਸਰਕਾਰ ਦੇ ਅਜਿਹੇ ਦੂਜੇ ਮੰਤਰੀ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਵੱਲੋਂ ਕਾਂਗਰਸ ਸਰਕਾਰ ਦੌਰਾਨ ਆਸ਼ੂ ‘ਤੇ ਲੱਗੇ ਘਪਲਿਆਂ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸ਼ੂ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਵਿਜੀਲੈਂਸ ਦੀ ਟੀਮ ਨਾਲ ਸੈਲੂਨ ‘ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਤਿੱਖੀ ਬਹਿਸ ਹੋਈ। ਇਸ ਦੌਰਾਨ ਰਵਨੀਤ ਬਿੱਟੂ ਨੇ ਵਿਜੀਲੈਂਸ ਅਧਿਕਾਰੀਆਂ ਤੋਂ ਗ੍ਰਿਫ਼ਤਾਰੀ ਦਾ ਪਰੂਫ ਮੰਗਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੰਮ ‘ਚ ਦਖ਼ਲਅੰਦਾਜ਼ੀ ਨਾ ਕਰੋ। ਇਸ ਪਿੱਛੋਂ ਵਿਜੀਲੈਂਸ ਟੀਮ ਨੇ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਂਗਰਸ ਦੇ ਸਾਬਕਾ ਵਿਧਾਇਕ ਸੰਜੇ ਤਲਵਾਰ ਨੇ ਮੀਡੀਆ ਨੂੰ ਦੱਸਿਆ ਕਿ ਰਵਨੀਤ ਬਿੱਟੂ ਤੇ ਆਸ਼ੂ ਨੇ ਗ੍ਰਿਫ਼ਤਾਰੀ ਲਈ ਆਏ ਅਧਿਕਾਰੀਆਂ ਤੋਂ ਵਾਰੰਟ ਦੀ ਮੰਗ ਕੀਤੀ, ਪਰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਕਾਗਜਾਤ ਨਹੀਂ ਦਿਖਾਏ। ਇਸ ਦੌਰਾਨ ਸੀਨੀਅਰ ਅਫ਼ਸਰ ਮੌਕੇ ‘ਤੇ ਪਹੁੰਚੇ ਅਤੇ ਧੱਕਾਮੁੱਕੀ ਦੌਰਾਨ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡੀ ਗਿਣਤੀ ਵਰਕਰ ਅਤੇ ਆਗੂ ਵਿਜੀਲੈਂਸ ਦਫ਼ਤਰ ਅੱਗੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਾਰਜਕਾਰੀ ਪ੍ਰਧਾਨ ਆਸ਼ੂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਸੀ। ਵਿਜੀਲੈਂਸ ਬਿਊਰੋ ਵਲੋਂ ਮੰਡੀਆਂ ਵਿਚੋਂ ਅਨਾਜ ਦੀ ਢੋਆ-ਢੋਆਈ ਲਈ ਟੈਂਡਰ ਘੁਟਾਲੇ ‘ਚ ਸਾਬਕਾ ਮੰਤਰੀ ਆਸ਼ੂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਲੁਧਿਆਣਾ ਵਿਜੀਲੈਂਸ ਦੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਅਨਾਜ ਟੈਂਡਰ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਅਤੇ ਹੋਰ ਵਿਅਕਤੀਆਂ ਦੀ ਪੁੱਛ-ਪੜਤਾਲ ਤੋਂ ਸਾਬਕਾ ਮੰਤਰੀ ਦੇ ਰੋਲ ਦੀ ਵੀ ਗੱਲ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਵੀ ਇਸ ਕੇਸ ‘ਚ ਸ਼ਾਮਲ ਕਰ ਲਿਆ ਗਿਆ ਸੀ। ਹਾਲਾਂਕਿ ਆਸ਼ੂ ਪਹਿਲਾ ਹੀ ਆਪਣੇ ਖ਼ਿਲਾਫ਼ ਕਥਿਤ ਸਿਆਸੀ ਬਦਲਾਖੋਰੀ ਤਹਿਤ ਮਾਮਲਾ ਦਰਜ ਹੋਣ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ। ਖੁਰਾਕ ਅਤੇ ਸਪਲਾਈ ਵਿਭਾਗ ‘ਚ ਹੋਏ ਇਸ ਕਥਿਤ ਘੁਟਾਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ। ਬਿਊਰੋ ਵੱਲੋਂ ਬਕਾਇਦਾ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਸਾਲ 2020-21 ਦੇ ਸਮੇਂ ਦੌਰਾਨ ਕਣਕ ਅਤੇ ਝੋਨੇ ਨੂੰ ਮੰਡੀਆਂ ਤੋਂ ਗੁਦਾਮਾਂ ਤੱਕ ਲੈ ਕੇ ਜਾਣ ਲਈ ਟਰਾਂਸਪੋਰਟ ਮੁਹੱਈਆ ਕਰਵਾਉਣ ਲਈ ਨਿੱਜੀ ਠੇਕੇਦਾਰਾਂ ਨੂੰ ਟੈਂਡਰ ਜਾਰੀ ਕੀਤੇ ਗਏ ਸਨ। ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਜਦੋਂ ਟੈਂਡਰ ਜਾਰੀ ਹੁੰਦਾ ਹੈ ਤਾਂ ਟਰੱਕਾਂ ਦੇ ਨੰਬਰ ਕੁਰਾਕ ਅਤੇ ਸਪਲਾਈ ਵਿਭਾਗ ਕੋਲ ਜਮ੍ਹਾਂ ਕਰਵਾਉਣੇ ਹੁੰਦੇ ਹਨ, ਪਰ ਤੇਲੂ ਰਾਮ ਨੇ ਜੋ ਟਰੱਕਾਂ ਦਾ ਰਿਕਾਰਡ ਵਿਭਾਗ ਕੋਲ ਜਮ੍ਹਾਂ ਕਰਵਾਇਆ ਉਹ ਜਾਂਚ ਦੌਰਾਨ ਦਰੁਸਤ ਨਹੀਂ ਪਾਇਆ ਗਿਆ। ਤਫ਼ਤੀਸ਼ ਦੌਰਾਨ ਪਤਾ ਲੱਗਾ ਜੋ ਟਰੱਕਾਂ ਦੇ ਨੰਬਰ ਦਿੱਤੇ ਗਏ ਹਨ ਉਹ ਅਸਲ ‘ਚ ਸਕੂਟਰਾਂ ਅਤੇ ਮੋਟਰ ਸਾਈਕਲ ਅਤੇ ਕਾਰਾਂ ਦੇ ਹਨ। ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਲੁਧਿਆਣਾ ‘ਚ ਹੋਏ ਇਸ ਕਥਿਤ ਘੁਟਾਲੇ ਸਬੰਧੀ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ।