ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ‘ਚ ਵਿਜੀਲੈਂਸ ਦਫਤਰ ‘ਚ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਇਹ ਜਾਂਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਸਾਬਕਾ ਡਿਪਟੀ ਸੀ.ਐੱਮ. ਸੋਨੀ ਵਿਜੀਲੈਂਸ ਦਫਤਰ ਤੋਂ ਬਾਹਰ ਆ ਗਏ ਅਤੇ ਕਿਹਾ ਕਿ ਉਹ ਜਾਂਚ ‘ਚ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਓਮ ਪ੍ਰਕਾਸ਼ ਸੋਨੀ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਵਿਜੀਲੈਂਸ ਦੇ ਦਫ਼ਤਰ ‘ਚ ਪੇਸ਼ ਹੋਏ। ਉਨ੍ਹਾਂ ਨੂੰ ਬੀਤੇ ਸ਼ਨੀਵਾਰ ਸਵੇਰੇ 10 ਵਜੇ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਸੀ ਪਰ ਉਹ ਵਿਜੀਲੈਂਸ ਦਫ਼ਤਰ ਨਹੀਂ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਉਨ੍ਹਾਂ ਖ਼ਿਲਾਫ਼ 8 ਨਵੰਬਰ ਨੂੰ ਇਕ ਸ਼ਿਕਾਇਤ ਚੰਡੀਗੜ੍ਹ ‘ਚ ਦਰਜ ਕੀਤੀ ਗਈ ਸੀ। ਇਸ ‘ਚ ਕਿਹਾ ਗਿਆ ਸੀ ਕਿ ਸਾਬਕਾ ਉੱਪ ਮੁੱਖ ਮੰਤਰੀ ਸੋਨੀ ਨੇ ਕਾਂਗਰਸ ਸਰਕਾਰ ਦੇ ਸ਼ਾਸਨ ‘ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਮਦਨ ਤੋਂ ਕਿਤੇ ਵੱਧ ਜਾਇਦਾਦ ਬਣਾਈ ਹੈ। ਇਸ ਲਈ ਅੰਮ੍ਰਿਤਸਰ ਰੇਂਜ ਦੇ ਐੱਸ.ਐੱਸ.ਪੀ. ਵਰਿੰਦਰ ਸਿੰਘ ਸੰਧੂ ਨੂੰ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਸੋਨੀ ਨੂੰ ਨੋਟਿਸ ਭੇਜ ਕੇ ਸੂਚਿਤ ਕੀਤਾ ਸੀ ਕਿ ਉਹ ਵਿਜੀਲੈਂਸ ਬਿਊਰੋ ਦੇ ਦਫ਼ਤਰ ‘ਚ ਸ਼ਨੀਵਾਰ 10 ਵਜੇ ਹਾਜ਼ਰ ਹੋਣ ਪਰ ਉਹ ਹਾਜ਼ਰ ਨਹੀਂ ਹੋਏ ਸਨ, ਜਿਸ ਤੋਂ ਬਾਅਦ ਅੱਜ ਉਹ ਵਿਜੀਲੈਂਸ ਸਾਹਮਣੇ ਪੇਸ਼ ਹੋਏ ਜਿੱਥੇ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਮਗਰੋਂ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ ਸੋਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੇ ਆਮਦਨ ਦੇ ਸਰੋਤਾਂ ਦੇ ਮੁਤਾਬਕ ਹੈ ਅਤੇ ਹਰ ਪੰਜ ਸਾਲ ਬਾਅਦ ਚੋਣ ਲੜਨ ਵੇਲੇ ਆਪਣੀ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਭੇਜਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਕੋਈ ਵਧੀਕੀ ਹੋਈ ਤਾਂ ਉਹ ਉਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਕੁਝ ਪਰਫਾਰਮੇ ਦਿੱਤੇ ਗਏ ਹਨ, ਜਿਨ੍ਹਾਂ ‘ਚ ਜਾਇਦਾਦ ਸਬੰਧੀ ਵੇਰਵੇ ਦੇਣ ਲਈ ਆਖਿਆ ਗਿਆ ਹੈ। ਉਨ੍ਹਾਂ ਨੂੰ ਇਹ ਪ੍ਰਫਾਰਮੇ 7 ਦਿਨਾਂ ‘ਚ ਭਰ ਕੇ ਸਾਰੀ ਜਾਣਕਾਰੀ ਸਹਿਤ ਪੇਸ਼ ਹੋਣ ਲਈ ਕਿਹਾ ਹੈ। ਵਿਜੀਲੈਂਸ ਕੋਲ ਪੇਸ਼ ਹੋਣ ਮਗਰੋਂ ਬਾਹਰ ਆ ਕੇ ਮੀਡੀਆ ਨਾਲ ਗੱਲ ਕਰਦਿਆਂ ਸੋਨੀ ਨੇ ਆਖਿਆ ਕਿ ਉਨ੍ਹਾਂ ਨੇ ਆਪਣੀ ਜਾਇਦਾਦ ਆਪਣੀ ਆਮਦਨ ਦੇ ਸਰੋਤਾਂ ਦੇ ਮੁਤਾਬਕ ਹੀ ਬਣਾਈ ਹੈ। ਉਹ ਆਪਣੀ ਜਾਇਦਾਦ ਦੇ ਸਾਰੇ ਵੇਰਵੇ ਹਰ ਪੰਜ ਸਾਲ ਬਾਅਦ ਚੋਣ ਲੜਨ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਭੇਜਦੇ ਹਨ। ਉ੍ਹਨਾਂ ਨੇ ਜੋ ਵੇਰਵੇ ਚੋਣ ਕਮਿਸ਼ਨ ਨੂੰ ਭੇਜੇ ਹਨ, ਉਨ੍ਹਾਂ ਦੀ ਜਾਇਦਾਦ ਵੀ ਉਸੇ ਮੁਤਾਬਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਅਤੇ ਜੇਕਰ ਉਨ੍ਹਾਂ ਨਾਲ ਕੋਈ ਵਧੀਕੀ ਹੁੰਦੀ ਹੈ ਤਾਂ ਉਹ ਇਸ ਮਾਮਲੇ ‘ਚ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਜਿਸ ਤਰ੍ਹਾਂ ਦੀ ਜਾਂਚ ਚਾਹੇ ਕਰ ਸਕਦਾ ਹੈ ਅਤੇ ਉਹ ਜਾਂਚ ‘ਚ ਪੂਰਾ ਸਹਿਯੋਗ ਦੇਣਗੇ। ਵਿਜੀਲੈਂਸ ਬਿਊਰੋ ਦੇ ਐੱਸ.ਐੱਸ.ਪੀ. ਵਰਿੰਦਰ ਸਿੰਘ ਨੇ ਦੱਸਿਆ ਕਿ ਸੋਨੀ ਕੋਲੋਂ ਦੋ ਘੰਟੇ ਉਨ੍ਹਾਂ ਦੀ ਜਾਇਦਾਦ ਸਬੰਧੀ ਪੁੱਛਗਿੱਛ ਕੀਤੀ ਹੈ ਅਤੇ ਇਸ ਸਬੰਧੀ ਕੁਝ ਦਸਤਾਵੇਜ਼ ਉਨ੍ਹਾਂ ਨੂੰ ਦਿੱਤੇ ਗਏ ਹਨ ਜੋ ਸੱਤ ਦਿਨਾਂ ‘ਚ ਭਰ ਕੇ ਵਿਭਾਗ ਨੂੰ ਦੇਣਗੇ ਜਿਸ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾਵੇਗੀ।