ਏਸ਼ੀਆ ਕੱਪ ਦਾ ਸਾਬਕਾ ਚੈਂਪੀਅਨ ਇੰਡੀਆ ਟੀ-20 ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਬੇਹੱਦ ਮਹੱਤਵਪੂਰਨ ਮੈਚ ‘ਚ ਸ਼੍ਰੀਲੰਕਾ ਹੱਥੋਂ 6 ਵਿਕਟਾਂ ਨਾਲ ਹਰਾ ਕੇ ਬਾਹਰ ਹੋਣ ਦੇ ਕੰਢੇ ਪਹੁੰਚ ਗਿਆ ਹੈ। ਹੁਣ ਭਾਰਤੀ ਟੀਮ ਨੂੰ ਫਾਈਨਲ ‘ਚ ਪਹੁੰਚਣ ਲਈ ਦੂਜੀ ਆਂਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਪਵੇਗਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ 41 ਗੇਂਦਾਂ ‘ਚ 72 ਦੌੜਾਂ ਦੀ ਪਾਰੀ ਬੇਕਾਰ ਹੋ ਗਈ ਤੇ ਸ਼੍ਰੀਲੰਕਾ ਨੇ 174 ਦੌੜਾਂ ਦਾ ਟੀਚਾ 1 ਗੇਂਦ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਸ਼੍ਰੀਲੰਕਾ ਨੂੰ ਆਖਰੀ ਦੋ ਓਵਰਾਂ ‘ਚ 21 ਦੌੜਾਂ ਦੀ ਲੋੜ ਸੀ ਪਰ ਭੁਵਨੇਸ਼ਵਰ ਕੁਮਾਰ ਨੇ 19ਵੇਂ ਓਵਰ ‘ਚ 14 ਦੌੜਾਂ ਦੇ ਕੇ ਮੈਚ ਇੰਡੀਆ ਦੇ ਹੱਥੋਂ ਬਾਹਰ ਹੀ ਕਰ ਦਿੱਤਾ। ਪਾਕਿਸਤਾਨ ਜੇਕਰ ਬੁੱਧਵਾਰ ਨੂੰ ਅਫਗਾਨਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਇੰਡੀਆ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਵੇਗਾ। ਸ਼੍ਰੀਲੰਕਾ ਨੂੰ ਸਲਾਮੀ ਬੱਲੇਬਾਜ਼ ਕੁਸ਼ਲ ਮੇਂਡਿਸ (57) ਤੇ ਪਾਥੁਮ ਨਿਸਾਂਕਾ (52) ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਤੇਜ਼ੀ ਨਾਲ 97 ਦੌੜਾਂ ਜੋੜੀਆਂ। ਸ਼੍ਰੀਲੰਕਾ ਦੀਆਂ 50 ਦੌੜਾਂ 6ਵੇਂ ਓਵਰ ‘ਚ ਹੀ ਬਣ ਗਈਆਂ ਸਨ, ਜਿਸ ਨਾਲ ਭਾਰਤੀ ਗੇਂਦਬਾਜ਼ਾਂ ‘ਤੇ ਦਬਾਅ ਬਣ ਗਿਆ। ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਹਾਲਾਂਕਿ 12ਵੇਂ ਓਵਚ ‘ਚ 2 ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਰਨ ਰੇਟ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ। ਆਰ. ਅਸ਼ਵਿਨ ਨੇ ਧਨੁਸ਼ਕਾ ਗੁਣਾਥਿਲਕਾ (1) ਨੂੰ ਪੈਵੇਲੀਅਨ ਭੇਜਿਆ। ਸ਼੍ਰੀਲੰਕਾ ਦਾ ਸਕੋਰ 14ਵੇਂ ਓਵਰ ‘ਚ 3 ਵਿਕਟਾਂ ‘ਤੇ 110 ਦੌੜਾਂ ਸੀ। ਅਗਲੇ ਓਵਰ ‘ਚ ਚਾਹਲ ਨੇ ਮੇਂਡਿਸ ਨੂੰ ਐੱਲ.ਬੀ.ਡਬਲਿਊ. ਕੀਤਾ। ਇਸ ਤੋਂ ਬਾਅਦ ਹਾਲਾਂਕਿ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ (ਅਜੇਤੂ 33) ਤੇ ਭਾਨੁਕਾ ਰਾਜਪਕਸ਼ੇ (ਅਜੇਤੂ 25) ਨੇ ਪੰਜਵੀਂ ਵਿਕਟ ਲਈ 64 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਜਿਤਾਇਆ। ਇਸ ਤੋਂ ਪਹਿਲਾਂ ਇੰਡੀਆ ਵਲੋਂ ਸ਼ੁਰੂਆਤੀ ਦੋ ਵਿਕਟਾਂ ਜਲਦ ਗਵਾਉਣ ਤੋਂ ਬਾਅਦ ਰੋਹਿਤ ਨੇ ਕਪਤਾਨੀ ਪਾਰੀ ਖੇਡੀ ਤੇ 5 ਚੌਕੇ ਤੇ 4 ਛੱਕੇ ਲਾਏ। ਸੂਰਯਕੁਮਾਰ ਯਾਦਵ ਨੇ 29 ਗੇਂਦਾਂ ਵਿਚ 34 ਦੌੜਾਂ ਬਣਾ ਕੇ ਉਸਦਾ ਬਾਖੂਬੀ ਸਾਥ ਦਿੱਤਾ। ਦੋਵਾਂ ਨੇ ਤੀਜੀ ਵਿਕਟ ਲਈ 97 ਦੌੜਾਂ ਜੋੜੀਆਂ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਹਾਲਾਂਕਿ ਭਾਰਤੀ ਬੱਲੇਬਾਜ਼ 63 ਦੌੜਾਂ ਹੀ ਬਣਾ ਸਕੇ। ਇਕ ਸਮੇਂ ਭਾਰਤ ਦਾ ਸਕੋਰ 13ਵੇਂ ਓਵਰ ਵਿਚ 3 ਵਿਕਟਾਂ ‘ਤੇ 110 ਦੌੜਾਂ ਸੀ ਜਦੋਂ ਰੋਹਿਤ ਆਊਟ ਹੋਇਆ।