ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਮੁਅੱਤਲਸ਼ੁਦਾ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਝਾਡ਼-ਝੰਬ ਕਰਦਿਆਂ ਕਿਹਾ ਕਿ ਉਸ ਦੀ ‘ਬੇਲਗਾਮ ਜ਼ੁਬਾਨ’ ਨੇ ‘ਪੂਰੇ ਦੇਸ਼ ਨੂੰ ਅੱਗ ’ਚ ਧੱਕ ਦਿੱਤਾ ਹੈ।’ ਸੁਪਰੀਮ ਕੋਰਟ ਨੇ ਕਿਹਾ ਕਿ ‘ਦੇਸ਼ ’ਚ ਜੋ ਕੁਝ ਹੋ ਰਿਹੈ, ਉਸ ਲਈ ਸਿਰਫ਼ ਤੇ ਸਿਰਫ਼ ਉਹੀ ਜ਼ਿੰਮੇਵਾਰ ਹੈ।’ ਸੁਪਰੀਮ ਕੋਰਟ ਨੇ ਇਨ੍ਹਾਂ ਵਿਵਾਦਿਤ ਟਿੱਪਣੀਆਂ ਲਈ ਉਸ ਖ਼ਿਲਾਫ਼ ਵੱਖ ਵੱਖ ਰਾਜਾਂ ’ਚ ਦਰਜ ਐੱਫ.ਆਈ.ਆਰਜ਼ ਨੂੰ ਇਕੱਠਿਆਂ ਕਰਨ ਦੀ ਸ਼ਰਮਾ ਦੀ ਅਰਜ਼ੀ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ। ਬੈਂਚ ਨੇ ਹਾਲਾਂਕਿ ਸ਼ਰਮਾ ਨੂੰ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ। ਬੈਂਚ ਨੇ ਕਿਹਾ ਕਿ ਨੂਪੁਰ ਵੱਲੋਂ ਕੀਤੀਆਂ ਟਿੱਪਣੀਆਂ ਸਸਤੀ ਸ਼ੌਹਰਤ, ਸਿਆਸੀ ਏਜੰਡੇ ਜਾਂ ਫਿਰ ਨਾਪਾਕ ਸਰਗਰਮੀਆਂ ਲਈ ਕੀਤੀਆਂ ਹੋ ਸਕਦੀਆਂ ਹਨ। ਬੈਂਚ ਨੇ ਕਿਹਾ ਕਿ ਨੂਪੁਰ ਸ਼ਰਮਾ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਕਿਹਾ, ‘ਅਸਲ ’ਚ ਨੂਪੁਰ ਸ਼ਰਮਾ ਦੀ ਜ਼ੁਬਾਨ ਬੇਲਗਾਮ ਹੈ ਤੇ ਉਸ ਨੇ ਟੈਲੀਵਿਜ਼ਨ ’ਤੇ ਹਰ ਤਰ੍ਹਾਂ ਦੇ ਗੈਰਜ਼ਿੰਮੇਵਾਰਾਨਾ ਬਿਆਨ ਦਿੱਤੇ ਹਨ ਤੇ ਪੂਰੇ ਦੇਸ਼ ਨੂੰ ਅੱਗ ’ਚ ਝੋਕ ਦਿੱਤਾ ਹੈ। ਇਸ ਦੇ ਬਾਵਜੂਦ ਉਹ ਦਾਅਵਾ ਕਰਦੀ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਵਕੀਲ ਹੈ। ਉਸ ਨੂੰ ਆਪਣੀਆਂ ਵਿਵਾਦਿਤ ਟਿੱਪਣੀਆਂ ਬਾਰੇ ਫੌਰੀ ਪੂਰੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’ ਸ਼ਰਮਾ ਵੱਲੋਂ ਇਕ ਟੀ.ਵੀ. ਬਹਿਸ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਕੇ ਨਾ ਸਿਰਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਹਿੰਸਕ ਪ੍ਰਦਰਸ਼ਨ ਹੋਏ ਬਲਕਿ ਕਈ ਖਾਡ਼ੀ ਮੁਲਕਾਂ ਨੇ ਵੀ ਇਨ੍ਹਾਂ ਟਿੱਪਣੀਆਂ ਲਈ ਇੰਡੀਆ ਦੀ ਤਿੱਖੀ ਨੁਕਤਾਚੀਨੀ ਕੀਤੀ। ਇਸ ਮਗਰੋਂ ਭਾਜਪਾ ਨੇ ਸ਼ਰਮਾ ਨੂੰ ਪਾਰਟੀ ’ਚੋਂ ਹੀ ਮੁਅੱਤਲ ਕਰ ਦਿੱਤਾ। ਬੈਂਚ ਨੇ ਕਿਹਾ, ‘ਟਿੱਪਣੀਆਂ ਪ੍ਰੇਸ਼ਾਨ ਕਰਨ ਵਾਲੀਆਂ ਹਨ ਤੇ ਇਸ ਵਿੱਚੋਂ ਹੰਕਾਰ ਝਲਕਦਾ ਹੈ। ਅਜਿਹੀਆਂ ਟਿੱਪਣੀਆਂ ਕਰਨ ਦੀ ਕੀ ਤੁਕ ਹੈ? ਇਨ੍ਹਾਂ ਟਿੱਪਣੀਆਂ ਕਰਕੇ ਦੇਸ਼ ’ਚ ਕਈ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਇਹ ਲੋਕ ਧਾਰਮਿਕ ਨਹੀਂ ਹਨ। ਉਹ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਨਹੀਂ ਜਾਣਦੇ। ਇਹ ਟਿੱਪਣੀਆਂ ਸਸਤੀ ਸ਼ੌਹਰਤ ਹਾਸਲ ਕਰਨ ਜਾਂ ਸਿਆਸੀ ਏਜੰਡੇ ਲਈ ਜਾਂ ਫਿਰ ਨਾਪਾਕ ਇਰਾਦਿਆਂ ਨਾਲ ਕੀਤੀਆਂ ਹੋ ਸਕਦੀਆਂ ਹਨ।’