ਇੰਡੀਆ ਦੀ ਮਹਿਲਾ ਹਾਕੀ ਟੀਮ ਕਰਾਸਓਵਰ ਮੈਚ ’ਚ ਸਹਿ-ਮੇਜ਼ਬਾਨ ਸਪੇਨ ਤੋਂ ਮਿਲੀ 0-1 ਦੀ ਹਾਰ ਨਾਲ ਐੱਫ.ਆਈ.ਐੱਚ. ਮਹਿਲਾ ਹਾਕੀ ਵਿਸ਼ਵ ਕੱਪ ’ਚ ਖਿਤਾਬ ਦੀ ਦੌਡ਼ ’ਚੋਂ ਬਾਹਰ ਹੋ ਗਈ ਹੈ। ਤਿੰਨ ਕੁਆਰਟਰਾਂ ਤੱਕ ਦੋਹਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਨਿਰਧਾਰਤ ਸਮਾਂ ਖ਼ਤਮ ਹੋਣ ਤੋਂ ਸਿਰਫ ਤਿੰਨ ਮਿੰਟ ਪਹਿਲਾਂ ਮਾਰਤਾ ਸੇਗੂ ਨੇ ਗੋਲ ਕਰ ਕੇ ਇੰਡੀਆ ਨੂੰ ਖਿਤਾਬ ਦੀ ਦੌਡ਼ ’ਚੋਂ ਬਾਹਰ ਕਰ ਦਿੱਤਾ। ਪੂਰੇ ਟੂਰਨਾਮੈਂਟ ਵਾਂਗ ਇਸ ਮੈਚ ’ਚ ਵੀ ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਨੂੰ ਗੋਲ ’ਚ ਨਾ ਬਦਲਣ ਦਾ ਖਮਿਆਜ਼ਾ ਭੁਗਤਣਾ ਪਿਆ। ਇੰਡੀਆ ਨੂੰ ਸਪੇਨ ਦੇ ਤਿੰਨ ਦੇ ਮੁਕਾਬਲੇ ਚਾਰ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਨ੍ਹਾਂ ’ਚੋਂ ਇਕ ਨੂੰ ਵੀ ਗੋਲ ’ਚ ਬਦਲ ਨਹੀਂ ਸਕੀ। ਇੰਡੀਆ ਹੁਣ 9ਵੇਂ ਤੋਂ 16ਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਕੈਨੇਡਾ ਨਾਲ ਖੇਡੇਗਾ। ਕੁਆਰਟਰ ਫਾਈਨਲ ’ਚ ਨਿਊਜ਼ੀਲੈਂਡ ਦਾ ਮੁਕਾਬਲਾ ਜਰਮਨੀ, ਨੈਦਰਲੈਂਡਜ਼ ਦਾ ਬੈਲਜੀਅਮ, ਆਸਟਰੇਲੀਆ ਦਾ ਸਪੇਨ ਅਤੇ ਇੰਗਲੈਂਡ ਦਾ ਅਰਜਨਟੀਨਾ ਨਾਲ ਹੋਵੇਗਾ।