ਯੂਰਪ ਦੇ ਕਈ ਦੇਸ਼ਾਂ ’ਚ ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਹੈ। ਸਪੇਨ ’ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ ਹੋ ਗਈ ਹੈ। ਸਪੇਨ ਦੇ ਸਿਹਤ ਮੰਤਰਾਲਾ ਨੂੰ ਰਿਪੋਰਟ ਕਰਨ ਵਾਲੇ ਹੈਲਥ ਇੰਸਟੀਚਿਊਟ ਨੇ ਇਹ ਜਾਣਕਾਰੀ ਦਿੱਤੀ ਹੈ। 10-12 ਜੁਲਾਈ ਨੂੰ ਹੋਈਆਂ ਸਾਰੀਆਂ ਮੌਤਾਂ ਦਾ ਕਾਰਨ ਦੇਸ਼ ਦੇ ਵੱਡੇ ਹਿੱਸਿਆਂ ’ਚ 40 ਡਿਗਰੀ ਸੈਲਸੀਅਸ ਤੋਂ ਵੱਧ ਦੀ ਭਿਆਨਕ ਗਰਮੀ ਨੂੰ ਮੰਨਿਆ ਜਾ ਸਕਦਾ ਹੈ। ਦੇਸ਼ ਦੇ ਦੱਖਣ ਅਤੇ ਦੱਖਣ-ਪੱਛਮ ’ਚ ਵੀ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ। ਉਥੇ ਹੀ ਲੋਕ ਗਰਮੀ ਤੋਂ ਬਚਣ ਲਈ ਫੁਹਾਰਿਆਂ ਦਾ ਸਹਾਰਾ ਲੈ ਰਹੇ ਹਨ। ਅਗਲੇ ਹਫ਼ਤੇ ਵੀ ਗਰਮੀ (ਲੂ) ਦੀ ਲਹਿਰ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਹ ਸਪੇਨ ’ਚ ਸਾਲ ਦੀ ਦੂਜੀ ਵੱਡੀ ਗਰਮੀ ਦੀ ਲਹਿਰ ਹੈ। ਸਿਹਤ ਮੰਤਰਾਲਾ ਨੇ ਕਿਹਾ, ਪਹਿਲਾਂ 11 ਜੂਨ ਤੋਂ 20 ਜੂਨ ਤੱਕ ਚੱਲੀ ਇਸ ਗਰਮੀ ਦੀ ਲਹਿਰ ਨੇ ਦੇਸ਼ ਭਰ ’ਚ 829 ਲੋਕਾਂ ਦੀ ਜਾਨ ਲੈ ਲਈ ਸੀ। ਉਸ ਸਮੇਂ ਤਾਪਮਾਨ 44.5 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਸੀ। ਅਧਿਕਾਰੀਆਂ ਨੇ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ, ਬਹੁਤ ਜ਼ਿਆਦਾ ਕਸਰਤ ਕਰਨ ਤੋਂ ਪਰਹੇਜ਼ ਕਰਨ ਅਤੇ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ।
ਓਧਰ ਬ੍ਰਿਟੇਨ ’ਚ ਮੌਸਮ ਵਿਭਾਗ ਵੱਲੋਂ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਸਰਕਾਰ ਅਗਲੇ ਹਫ਼ਤੇ ਪੈਣ ਵਾਲੀ ਭਿਆਨਕ ਗਰਮੀ ਨਾਲ ਨਜਿੱਠਣ ਦੇ ਉਪਾਵਾਂ ’ਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਮੀਟਿੰਗ ਕੀਤੀ ਗਈ। ਬ੍ਰਿਟੇਨ ਦੇ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ‘ਰੈੱਡ ਅਲਰਟ’ ਤਹਿਤ ਇੰਗਲੈਂਡ ਦੇ ਜ਼ਿਆਦਾਤਰ ਹਿੱਸਿਆਂ ’ਚ ਅਗਲੇ ਸੋਮਵਾਰ ਅਤੇ ਮੰਗਲਵਾਰ ਨੂੰ ਪਹਿਲੀ ਵਾਰ ਜ਼ਿਆਦਾਤਰ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਚਿਤਾਵਨੀ ਦਿੱਤੀ ਗਈ ਹੈ ਜਿਸ ਨਾਲ ਸਿਹਤਮੰਦ ਲੋਕਾਂ ਦੇ ਗੰਭੀਰ ਰੂਪ ਨਾਲ ਬੀਮਾਰ ਪੈਣ ਅਤੇ ਇਥੇ ਤੱਕ ਕਿ ਮੌਤ ਦਾ ਸ਼ਿਕਾਰ ਹੋਣ ਦਾ ਖਤਰਾ ਹੈ। ਬ੍ਰਿਟੇਨ ਦੇ ਮੌਸਮ ਦੇ ਜਾਣੇ-ਪਛਾਣੇ ਇਤਿਹਾਸ ’ਚ ਸਭ ਤੋਂ ਭਿਆਨਕ ਗਰਮੀ ਸਾਲ 2019 ’ਚ ਪਈ ਸੀ ਜਦ ਪਾਰਾ 38.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਟਰਾਂਸਪੋਰਟ ਵਿਭਾਗ ਨੇ ਰੇਲ ਅਤੇ ਸਬਵੇ ਯਾਤਰੀਆਂ ਨੂੰ ਜ਼ਰੂਰੀ ਨਾ ਹੋਣ ’ਤੇ ਯਾਤਰਾ ਨਾ ਕਰਨ ਦੀ ਸਲਾਹ ਜਾਰੀ ਕੀਤੀ ਹੈ। ਬੱਚਿਆਂ ਅਤੇ ਬਜ਼ੁਰਗਾਂ ਦੇ ਗਰਮੀ ਦੇ ਮਾਡ਼ੇ ਪ੍ਰਭਾਵਾਂ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਣ ਦੇ ਮੱਦੇਨਜ਼ਰ ਸਕੂਲਾਂ ਅਤੇ ਹਸਪਤਾਲਾਂ ਨੂੰ ਉਨ੍ਹਾਂ ਦਾ ਜ਼ਿਆਦਾ ਧਿਆਨ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਬ੍ਰਿਟੇਨ ’ਚ ਇਹ ਅਲਰਟ ਅਜਿਹੇ ਸਮੇਂ ’ਚ ਜਾਰੀ ਕੀਤਾ ਗਿਆ ਹੈ ਜਦ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਦੇ ਚੱਲਦੇ ਦੇਸ਼ ’ਚ ਲੂ ਚੱਲਣ ਦਾ ਖ਼ਦਸ਼ਾ ਵਧ ਗਿਆ ਹੈ।
ਸਪੇਨ ’ਚ ਲੂ ਲੱਗਣ ਨਾਲ 84 ਲੋਕਾਂ ਦੀ ਮੌਤ, ਬ੍ਰਿਟੇਨ ’ਚ ਭਿਆਨਕ ਗਰਮੀ ਕਰਕੇ ‘ਰੈੱਡ ਅਲਰਟ’ ਜਾਰੀ
Related Posts
Add A Comment