ਵਿਲਾਰੀਆਲ ਨੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ‘ਚ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ। ਸੱਟ ਦੇ ਕਾਰਨ ਸਪੇਨ ਦੀ ਵਰਲਡ ਕੱਪ ਟੀਮ ਵਿੱਚੋਂ ਬਾਹਰ ਰਹਿਣ ਵਾਲੇ ਗੇਰਾਰਡ ਮੋਰੇਨੋ ਨੇ ਇਕ ਗੋਲ ਕਰਨ ਤੋਂ ਇਲਾਵਾ ਇਕ ਗੋਲ ਕਰਨ ‘ਚ ਮਦਦ ਕਰਦੇ ਹੋਏ ਵਿਲਾਰੀਆਲ ਦੀ ਜਿੱਤ ਦੀ ਨੀਂਹ ਰੱਖੀ। ਮੋਰੇਨੋ ਦੇ ਪਾਸ ‘ਤੇ ਯੇਰੇਮੀ ਪਿਨੋ ਨੇ 47ਵੇਂ ਮਿੰਟ ‘ਚ ਵਿਲਾਰੀਆਲ ਨੂੰ ਬੜ੍ਹਤ ਦਿਵਾਈ। ਵਿਲਾਰੀਆਲ ਦੇ ਯੂਆਨ ਫੋਯਥ ਦੇ ਹੈਂਡਬਾਲ ਕਰਨ ‘ਤੇ ਕਰੀਮ ਬੇਂਜੇਮਾ ਨੇ 60ਵੇਂ ਮਿੰਟ ‘ਚ ਪੈਨਲਟੀ ਨੂੰ ਗੋਲ ‘ਚ ਬਦਲ ਕੇ ਸਕੋਰ 1-1 ਕੀਤਾ। ਮੈਡ੍ਰਿਡ ਦੇ ਡਿਫੈਂਡਰ ਡੇਵਿਡ ਅਲਬਾ ਨੇ ਵੀ ਫੋਯਥ ਦੇ ਪਾਸ ‘ਤੇ ਹੈਂਡਬਾਲ ਕੀਤੀ ਤੇ ਇਸ ਵਾਰ ਮੋਰੇਨੋ ਨੇ 63ਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕਰਕੇ ਵਿਲਾਰੀਆਲ ਨੂੰ 2-1 ਨਾਲ ਅੱਗੇ ਕੀਤਾ, ਜਿਹੜਾ ਫੈਸਲਾਕੁੰਨ ਸਕੋਰ ਸਾਬਤ ਹੋਇਆ। ਦਿਨ ਦੇ ਹੋਰ ਮੁਕਾਬਲਿਆਂ ‘ਚ ਐਬਡਨ ਪ੍ਰੇਟਸ ਦੇ ਗੋਲ ਨਾਲ ਮਾਲੋਰਕਾ ਨੇ ਵਾਲਾਡੋਲਿਡ ਨੂੰ 1-0 ਨਾਲ ਹਰਾਇਆ ਜਦਕਿ ਗਿਰੋਨਾ ਤੇ ਐਸਪਾਨਯੋਲ ਦਾ ਮੈਚ 2-2 ਨਾਲ ਬਰਾਬਰ ਰਿਹਾ।