ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁਡ਼ੇ ਮਨੀ ਲਾਂਡਰਿੰਗ ਕੇਸ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਅੱਜ ਤੀਜੀ ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪੁੱਛ-ਪਡ਼ਤਾਲ ਕਰ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਵੀ ਈ.ਡੀ. ਨੇ ਸੋਨੀਆ ਗਾਂਧੀ ਕੋਲੋਂ 6 ਘੰਟੇ ਦੇ ਕਰੀਬ ਪੁੱਛ-ਪਡ਼ਤਾਲ ਕੀਤੀ। ਸੋਨੀਆ ਗਾਂਧੀ ਸਵੇਰੇ ਗਿਆਰਾਂ ਵਜੇ ਦੇ ਕਰੀਬ ਆਪਣੇ ਬੱਚਿਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜ਼ੈੱਡ ਪਲੱਸ ਹਥਿਆਰਬੰਦ ਸੁਰੱਖਿਆ ਅਮਲੇ ਨਾਲ ਕੇਂਦਰੀ ਦਿੱਲੀ ਵਿਚਲੇ ਈ.ਡੀ. ਦਫ਼ਤਰ ਪੁੱਜੇ। ਢਾਈ ਘੰਟੇ ਦੇ ਕਰੀਬ ਸਵਾਲ-ਜਵਾਬ ਕਰਨ ਮਗਰੋਂ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਲਈ ਬਰੇਕ ਦਿੱਤੀ ਗਈ। ਪਿਛਲੀ ਵਾਰ ਵਾਂਗ ਪ੍ਰਿਯੰਕਾ ਗਾਂਧੀ ਜਿੱਥੇ ਈ.ਡੀ. ਦਫ਼ਤਰ ’ਚ ਹੀ ਰੁਕੀ ਰਹੀ, ਉਥੇ ਰਾਹੁਲ ਗਾਂਧੀ ਆਪਣੀ ਮਾਂ ਨੂੰ ਈ.ਡੀ. ਦਫ਼ਤਰ ਛੱਡਣ ਤੋਂ ਫੌਰੀ ਮਗਰੋਂ ਵਿਜੈ ਚੌਕ ’ਚ ਕੀਤੇ ਜਾ ਰਹੇ ਪ੍ਰਦਰਸ਼ਨਾਂ ’ਚ ਸ਼ਾਮਲ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੁਪਹਿਰ ਦੇ ਖਾਣੇ ਦੀ ਬ੍ਰੇਕ ਲਈ ਦੋ ਵਜੇ ਦੇ ਕਰੀਬ ਈ.ਡੀ. ਦਫ਼ਤਰ ਤੋਂ ਚਲੇ ਗਏ ਤੇ ਸਾਢੇ ਤਿੰਨ ਵਜੇ ਵਾਪਸ ਆਏ। ਕਾਂਗਰਸ ਪ੍ਰਧਾਨ ਕੋਲੋਂ ਕੀਤੀ ਪੁੱਛ-ਪਡ਼ਤਾਲ ਦੌਰਾਨ ਪ੍ਰਿਯੰਕਾ ਗਾਂਧੀ ਈ.ਡੀ. ਦਫ਼ਤਰ ’ਚ ਵੱਖਰੇ ਕਮਰੇ ’ਚ ਬੈਠੀ ਰਹੀ ਤਾਂ ਕਿ ਲੋਡ਼ ਪੈਣ ’ਤੇ ਆਪਣੀ ਮਾਂ ਨੂੰ ਦਵਾਈ ਜਾਂ ਹੋਰ ਕੋਈ ਮੈਡੀਕਲ ਸਹਾਇਤਾ ਦੇ ਸਕੇ। ਸੰਮਨਾਂ ਦੀ ਤਸਦੀਕ ਤੇ ਹਾਜ਼ਰੀ ਸ਼ੀਟ ’ਤੇ ਸਹੀ ਪਾਉਣ ਸਮੇਤ ਹੋਰ ਰਸਮੀ ਕਾਰਵਾਈਆਂ ਮੁਕੰਮਲ ਕੀਤੇ ਜਾਣ ਮਗਰੋਂ ਸਵਾ ਗਿਆਰਾਂ ਵਜੇ ਦੇ ਕਰੀਬ ਸੋਨੀਆ ਗਾਂਧੀ ਤੋਂ ਪੁੱਛ-ਪਡ਼ਤਾਲ ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਵੀ ਕਾਂਗਰਸ ਪ੍ਰਧਾਨ ਤੋਂ ਭ੍ਰਿਸ਼ਟਾਚਾਰ ਮਾਮਲੇ ’ਚ ਸਵਾਲ-ਜਵਾਬ ਕੀਤੇ ਗਏ ਸਨ। ਉਨ੍ਹਾਂ ਏਜੰਸੀ ਵੱਲੋਂ ਪੁੱਛੇ 28 ਸਵਾਲਾਂ ਦੇ ਜਵਾਬ ਦਿੱਤੇ ਸਨ।