ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੇ ਜਾਣ ਖ਼ਿਲਾਫ਼ ਪੰਜਾਬ ਕਾਂਗਰਸ ਨੇ ਚੰਡੀਗਡ਼੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਚੰਡੀਗਡ਼੍ਹ ਦੇ ਰੋਸ ਪ੍ਰਦਰਸ਼ਨ ’ਚ ਵੱਡੀ ਤਾਦਾਦ ’ਚ ਕਾਂਗਰਸੀ ਵਰਕਰਾਂ ਨੇ ਪੰਜਾਬ ਕਾਂਗਰਸ ਭਵਨ ’ਚ ਇਕੱਠੇ ਹੋ ਕੇ ਰਾਜ ਭਵਨ ਵੱਲ ਮਾਰਚ ਕੱਢਿਆ। ਉਨ੍ਹਾਂ ਨੂੰ ਰਸਤੇ ’ਚ ਪਾਣੀ ਦੀਆਂ ਬੁਛਾਡ਼ਾਂ ਨਾਲ ਰੋਕਿਆ ਗਿਆ ਤੇ ਬਾਅਦ ’ਚ ਪੁਲੀਸ ਵੱਲੋਂ ਹਿਰਾਸਤ ’ਚ ਲੈ ਲਿਆ ਗਿਆ। ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਸਨ। ਇਸ ਦੌਰਾਨ ਮੌਜੂਦ ਰਹੇ ਹੋਰ ਨੇਤਾਵਾਂ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀਆਂ ’ਚ ਪਰਗਟ ਸਿੰਘ, ਅਰੁਣਾ ਚੌਧਰੀ, ਗੁਰਕੀਰਤ ਸਿੰਘ ਕੋਟਲੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ ਸਮੇਤ ਲਖਬੀਰ ਸਿੰਘ ਲੱਖਾ, ਬਰਿੰਦਰ ਢਿੱਲੋਂ, ਦਰਸ਼ਨ ਸਿੰਘ ਬਰਾਡ਼, ਦਲਬੀਰ ਗੋਲਡੀ, ਬਰਿੰਦਰਮੀਤ ਸਿੰਘ ਪਾਹਡ਼ਾ, ਇੰਦਰਬੀਰ ਸਿੰਘ ਬੁਲਾਰੀਆ, ਕੈਪਟਨ ਸੰਦੀਪ ਸੰਧੂ ਤੇ ਮੌਜੂਦਾ ਤੇ ਸਾਬਕਾ ਵਿਧਾਇਕ ਸ਼ਾਮਲ ਰਹੇ। ਇਸ ਦੌਰਾਨ ਵਡ਼ਿੰਗ ਨੇ ਕਿਹਾ ਕਿ ਇਹ ਸਿਰਫ ਇਕੱਲੀ ਸੋਨੀਆ ਗਾਂਧੀ ਦੀ ਲਡ਼ਾਈ ਨਹੀਂ ਹੈ, ਬਲਕਿ ਇਹ ਦੇਸ਼ ਦੇ ਹਰ ਇਕ ਨਾਗਰਿਕ ਦੀ ਲਡ਼ਾਈ ਹੈ, ਜੋ ਲੋਕਤੰਤਰ ਤੇ ਆਜ਼ਾਦੀ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੱਡੀ ਗਲਤੀ ਲੱਗੀ ਹੈ, ਜਿਸ ਨੇ ਇਹ ਸੋਚਿਆ ਕਿ ਉਹ ਕਾਂਗਰਸ ਪਾਰਟੀ ਨੂੰ ਡਰਾ ਸਕਦੀ ਹੈ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਲੀਡਰਸ਼ਿਪ ਨੂੰ ਡਰਾਉਣ ਦਾ ਯਤਨ ਕਰ ਰਹੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੀ ਜਾਣਦੀ ਹੈ ਕਿ ਇਸ ਨਾਲ ਕੁਝ ਨਹੀਂ ਨਿਕਲਣ ਵਾਲਾ ਪਰ ਉਹ ਇਹ ਸਿਰਫ ਝੂਠੀ ਸੋਚ ਪੈਦਾ ਕਰਨਾ ਚਾਹੁੰਦੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਨੀਤਕ ਵਿਰੋਧੀਆਂ ਨੂੰ ਪ੍ਰਤਾਡ਼ਿਤ ਕਰਨ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰਾਂ ਦੀ ਨਿੰਦਾ ਕੀਤੀ। ਰੰਧਾਵਾ ਨੇ ਭਾਸ਼ਣ ਦੌਰਾਨ ਕਾਂਗਰਸ ਦੇ ਕਈ ਆਗੂਆਂ ਨੂੰ ਵੀ ਰਗਡ਼ੇ ਲਾਏ ਅਤੇ ‘ਆਪ’ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਮਡ਼੍ਹੇ।