ਨੌਂ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਗ੍ਰਹਿ ਵਿਖੇ ਕਿਹਾ ਕਿ ਹੁਣ ਉਹ ਸ਼ੁਭਦੀਪ ਸਿੰਘ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਅਗਲੇ ਮਹੀਨੇ ਤੋਂ ਜ਼ੋਰਦਾਰ ਸੰਘਰਸ਼ ਵਿੱਢਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ‘ਤੇ ਦਬਾਅ ਪਾਉਣ ਲਈ ਹਰ ਲੋੜੀਂਦਾ ਕਦਮ ਸੋਚ-ਸਮਝ ਕੇ ਉਠਾਉਣਗੇ। ਉਨ੍ਹਾਂ ਕਿਹਾ ਕਿ ਏਨੇ ਮਹੀਨੇ ਬੀਤ ਜਾਣ ਮਗਰੋਂ ਵੀ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਭੋਗ ਨਹੀਂ ਪਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਮੇਂ ਨਾਲ ਉਨ੍ਹਾਂ ਦੇ ਜ਼ਖ਼ਮ ਹੋਰ ਡੂੰਘੇ ਹੋ ਰਹੇ ਹਨ। ਉਨ੍ਹਾਂ ਇਸ ਮੌਕੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਅਤੇ ਉਸ ਲਈ ਇਨਸਾਫ਼ ਦੀ ਮੰਗ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ। ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਨੂੰ ਵੇਖ ਕੇ ਛੋਟੇ-ਛੋਟੇ ਲੜਕੇ ਵੀ ਦਸਤਾਰ ਸਜਾਉਣ ਲੱਗ ਪਏ ਹਨ, ਜਿਸ ਨੂੰ ਵੇਖ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਉਹ ਹੁਣ ਵੀ ਪਹਿਲਾਂ ਵਾਂਗ ਲਗਾਤਾਰ ਦਬਾਅ ਬਣਾ ਕੇ ਰੱਖਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭੁਲੇਖਾ ਹੈ ਕਿ ਸਮੇਂ ਦੇ ਨਾਲ ਅਸੀਂ ਸਭ ਕੁਝ ਭੁੱਲ ਜਾਵਾਂਗੇ, ਪਰ ਅਜਿਹਾ ਨਹੀਂ ਹੋਵੇਗਾ ਤੇ ਸਿੱਧੂ ਨੂੰ ਚਾਹੁਣ ਵਾਲੇ ਉਸ ਦੀ ਆਤਮਿਕ ਸ਼ਾਂਤੀ ਲਈ ਜ਼ੋਰਦਾਰ ਸੰਘਰਸ਼ ਵਿੱਢਣਗੇ। ਉਨ੍ਹਾਂ ਕਿਹਾ ਕਿ ਸਮੇਂ ਨਾਲ ਇਹ ਜ਼ਖ਼ਮ ਸਗੋਂ ਹੋਰ ਡੂੰਘੇ ਹੋਏ ਹਨ, ਜਿਨ੍ਹਾਂ ਦੀ ਭਰਪਾਈ ਲਈ ਸੰਘਰਸ਼ ਵਿੱਢ ਕੇ ਆਖਰੀ ਦਮ ਤੱਕ ਲੜਾਈ ਲੜਨਗੇ। ਸਿੱਧੂ ਨਾਲ ਇਹ ਲੋਕਾਂ ਦਾ ਪਿਆਰ ਹੀ ਹੈ ਕਿ ਹਰ ਐਤਵਾਰ ਨੂੰ ਲੋਕ ਵੱਡੀ ਗਿਣਤੀ ‘ਚ ਪੁੱਜ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜ਼ੋਰਦਾਰ ਸੰਘਰਸ਼ ‘ਚ ਵੀ ਇਹ ਲੋਕ ਲਾਜ਼ਮੀ ਸਾਥ ਦੇਣਗੇ।