ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ‘ਚ ਇਨਸਾਫ਼ ਦੀ ਆਸ ਛੱਡ ਦਿੱਤੀ ਹੈ। ਮਰਹੂਮ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸਾਨੂੰ ਕਿਸੇ ਸਰਕਾਰ, ਪੁਲੀਸ ਤੋਂ ਇਨਸਾਫ਼ ਮਿਲਣ ਦੀ ਉਮੀਦ ਨਹੀਂ ਰਹੀ ਹੈ ਅਤੇ ਇਸ ‘ਤੇ ਸਿਰਫ ਲਿੱਪਾ-ਪੋਚੀ ਕੀਤੀ ਜਾ ਰਹੀ ਹੈ। ਪੰਜਾਬ ਪੁਲੀਸ ਗੈਂਗਸਟਰਾਂ ਦੇ ਫ਼ਰਜ਼ੀ ਪੁਲੀਸ ਰਿਮਾਂਡ ਲੈ ਕੇ ਦਿਖਾਵਾ ਕਰਨ ‘ਚ ਲੱਗੀ ਹੋਈ ਹੈ, ਨਹੀਂ ਤਾਂ ਪੁਲੀਸ ਰਿਮਾਂਡ ਤੋਂ ਬਾਅਦ ਮੁਲਜ਼ਮ ਤੁਰਨ-ਫਿਰਨ ਜੋਗਾ ਨਹੀਂ ਰਹਿੰਦਾ, ਪਰ ਸਾਰੇ ਗੈਂਗਸਟਰ ਹੱਸਦੇ-ਖੇਡਦੇ ਦੇਖੇ ਜਾ ਰਹੇ ਹਨ। ਇਨਸਾਫ ਲੈਣ ਲਈ ਸੜਕਾਂ ‘ਤੇ ਉਤਰਨਾ ਹੀ ਪਵੇਗਾ, ਕਿਉਂਕਿ ਚਾਰੋਂ ਪਾਸਿਓਂ ਸਾਰੀ ਉਮੀਦ ਖ਼ਤਮ ਹੋ ਚੁੱਕੀ ਹੈ।’ ਉਹ ਪਿੰਡ ਮੂਸਾ ‘ਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਹੁਣ ਪੰਜਾਬ ਪੁਲੀਸ ਦੇ ਕੁਝ ਅਧਿਕਾਰੀ ਗੈਂਗਸਟਰਾਂ ਦੇ ਜੇਲ੍ਹਾਂ ਵਿੱਚੋਂ ਮੌਜ-ਮਸਤੀ ਕਰਵਾਉਣ ਲਈ ਫਾਲਤੂ ਪੁਲੀਸ ਰਿਮਾਂਡ ਲੈਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਕਤਲ ਕਾਂਡ ਲਈ ਦੀਪਕ ਟੀਨੂ ਦੇ ਰਿਮਾਂਡ ਦੀ ਵਿਸ਼ੇਸ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦਾ ਫਰਾਰ ਹੋਣਾ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਗੈਂਗਸਟਰਾਂ ਨਾਲ ਜੱਫੀਆਂ ਪਾ ਕੇ ਫੋਟੋ ਖਿਚਵਾਉਣਾ ਸਾਬਿਤ ਕਰਦਾ ਹੈ ਕਿ ਪੁਲੀਸ ਦੀ ਸਿੱਧੂ ਕਤਲ ਕਾਂਡ ‘ਚ ਵੀ ਲਾਪ੍ਰਵਾਹੀ ਰਹੀ ਹੈ। ਇਸੇ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਮੂਸਾ ਪਿੰਡ ਦੀ ਸਰਪੰਚ ਚਰਨ ਕੌਰ ਨੇ ਪੰਜਾਬ ਸਰਕਾਰ ਦੇ ਅਧਿਕਾਰੀ ਬਲਤੇਜ ਪੰਨੂ ‘ਤੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਏ ਜਾਣ ਸਬੰਧੀ ਖਬਰ ਲੀਕ ਕਰਨ ਦੇ ਦੋਸ਼ ਲਾਉਂਦਿਆਂ ਪੰਨੂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਗੱਲ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ‘ਚ ਆਮ ਆਦਮੀ ਦੀ ਸੁਰੱਖਿਆ ਗੁਆਚ ਗਈ ਹੈ ਅਤੇ ਆਮ ਆਦਮੀ ਵੀ ਹੁਣ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ‘ਆਪ’ ਦੇ 92 ਵਿਧਾਇਕਾਂ ਵਿੱਚੋਂ ਕਿਸੇ ਨੇ ਵੀ ਸਿੱਧੂ ਕਤਲ ਕਾਂਡ ਬਾਰੇ ਮੁੜ ਮੂੰਹ ਨਹੀਂ ਖੋਲ੍ਹਿਆ ਕਿਉਂਕਿ ਸਰਕਾਰਾਂ ਨੂੰ ਕੁਰਸੀਆਂ ਪਿਆਰੀਆਂ ਹਨ।