ਪਿਛਲੇ ਸਾਲ 29 ਮਈ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ‘ਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਉਸ ਦਾ ਤੀਜਾ ਗੀਤ ‘ਮੇਰਾ ਨਾਮ’ 7 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ‘ਚ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ ਅਤੇ ਬਰਨਾ ਪਿਛਲੇ ਦਿਨੀਂ ਇੰਗਲੈਂਡ ‘ਚ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਅਤੇ ਚਰਨ ਕੌਰ ਨੂੰ ਮਿਲਿਆ ਸੀ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ‘ਐੱਸ.ਵਾਈ.ਐੱਲ.’ ਗੀਤ ਆਇਆ ਸੀ ਜਿਸ ਨੂੰ ਕਾਫ਼ੀ ਪਸੰਦ ਕੀਤਾ ਸੀ ਪਰ ਸਰਕਾਰ ਨੇ ਇਸ ਗੀਤ ਨੂੰ ਯੂਟਿਊਬ ‘ਤੇ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ 8 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਵ ਉਤੇ ਸਿੱਧੂ ਮੂਸੇਵਾਲਾ ਦਾ ਦੂਸਰਾ ਗੀਤ ‘ਵਾਰ’ ਵੀ ਲਾਂਚ ਹੋਇਆ। ਮਰਹੂਮ ਪੰਜਾਬੀ ਗਾਇਕ ਨੇ ਇਹ ਗੀਤ ਪੰਜਾਬ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਉਤੇ ਗਾਇਆ ਗਿਆ ਸੀ। ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 7 ਤੋਂ 8 ਸਾਲ ਤੱਕ ਮਰਹੂਮ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਉਸ ਦੇ ਗੀਤਾਂ ਨੂੰ ਲੈ ਕੇ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਗੀਤਾਂ ਜ਼ਰੀਏ ਹਮੇਸ਼ਾ ਜ਼ਿੰਦਾ ਰਹੇਗਾ।