ਗੋਲੀਆਂ ਮਾਰ ਕੇ ਕਤਲ ਕੀਤੇ ਉੱਘੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿੰਡ ਬੁਰਜ ਢਿੱਲਵਾਂ ਦੀ ਸਡ਼ਕ ਦੇ ਰੱਖੇ ਨੀਂਹ ਪੱਥਰ ਉਪਰੰਤ ਅੱਜ ਸਡ਼ਕ ਮੁਕੰਮਲ ਹੋਣ ’ਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਡ਼ਕ ਦਾ ਉਦਘਾਟਨ ਕੀਤਾ। ਇਸ ਮੌਕੇ ਮੰਚ ਤੋਂ ਸੰਬੋਧਨ ਕਰਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਚੋਣਾਂ ਸਮੇਂ ਹੀ ਸਿੱਧੂ ਉਤੇ 8 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਰੀ ਸੁਰੱਖਿਆ ਹੋਣ ਕਾਰਨ ਉਸ ਵੇਲੇ ਉਸ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਸਿੱਧੂ ਨੂੰ ਮਾਰਨ ਲਈ 50-60 ਵਿਅਕਤੀ ਉਸ ਦੇ ਪਿੱਛੇ ਲੱਗੇ ਹੋਏ ਸਨ ਤੇ ਜੇਕਰ ਭਗਵੰਤ ਮਾਨ ਸਰਕਾਰ ਸੁਰੱਖਿਆ ਵਾਪਸ ਲੈਣ ਦਾ ਢਿੰਡੋਰਾ ਨਾ ਪਿੱਟਦੀ ਤਾਂ ਸ਼ਾਇਦ ਉਸ ਦੇ ਪੁੱਤ ਦੀ ਜਾਨ ਨਾ ਜਾਂਦੀ। ਉਨ੍ਹਾਂ ਕਿਹਾ ਕਿ ਖਤਰਾ ਹੋਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣਾ ਸਮਝ ਤੋਂ ਬਾਹਰ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਸਰਕਾਰ ਦੇ ਬਰਾਬਰ ਗੈਂਗਸਟਰ ਆਪਣੀ ਵੱਖਰੀ ਸਰਕਾਰ ਚਲਾ ਰਹੇ ਹਨ। ਪਿਤਾ ਨੇ ਕਿਹਾ ਕਿ ਪੁੱਤਰ ਦੀ ਮੌਤ ਨਾਲ ਉਨ੍ਹਾਂ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਬਲਕੌਰ ਸਿੰਘ ਨੇ ਆਖਿਆ ਹੈ ਕਿ ਉਸ ਦੇ ਪੁੱਤ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਸੀ, ਜੋ ਕੁੱਝ ਲੋਕਾਂ ਦੀਆਂ ਅੱਖਾਂ ’ਚ ਰਡ਼ਕਣ ਲੱਗ ਗਈ ਸੀ ਅਤੇ ਉਹ ਉਸ ਦੇ ਕਰੀਅਰ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਸ਼ੁੱਭਦੀਪ ਸਿੰਘ ਦੇ ਅਧੂਰਿਆਂ ਸੁਫਨਿਆਂ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਨਮ ਅੱਖਾਂ ਨਾਲ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰਬਤ ’ਚੋਂ ਉੱਠਿਆ ਸੀ। ਬੱਚਿਆਂ ਵਲੋਂ ਪ੍ਰਾਪਤ ਕੀਤੀ ਉੱਚ ਸਿੱਖਿਆ ਨੇ ਸਾਡੇ ਪਰਿਵਾਰ ਦੀ ਦਸ਼ਾ ਬਦਲੀ ਸੀ। ਸਿੱਧੂ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਸੀ ਕਿ ਉਹ ਕੁੱਝ ਲੋਕਾਂ ਨੂੰ ਰਡ਼ਕਣ ਲੱਗ ਗਈ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦਿਹਾਡ਼ੀ ਕਰਕੇ ਆਪਣੀ ਜ਼ਿੰਦਗੀ ਬਸਰ ਕੀਤੀ ਪਰ ਇਹ ਲੋਕਾਂ ਨੂੰ ਨਜ਼ਰ ਨਹੀਂ ਆਇਆ ਪਰ ਸਿੱਧੂ ਦੀ ਚਡ਼੍ਹਾਈ ਨਜ਼ਰ ਆ ਗਈ, ਜਿਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਵੋਟਾਂ ’ਚ ਸਿਰਫ ਲੋਕਾਂ ਦੇ ਕੰਮ ਕਰਨ ਲਈ ਖਡ਼੍ਹਾ ਹੋਇਆ ਸੀ, ਉਹ ਕਹਿੰਦਾ ਸੀ ਕਿ ਮੈਂ ਇਥੇ ਵਿਕਾਸ ਦੇ ਵੱਡੇ ਕੰਮ ਕਰਾਂਗਾ ਅਤੇ ਹਸਪਤਾਲ ਬਣਾਵਾਂਗਾ। ਜਦੋਂ ਚੋਣਾਂ ’ਚ ਹਾਰ ਮਿਲੀ ਤਾਂ ਉਹ ਨਿਰਾਸ਼ ਹੋ ਗਿਆ ਅਤੇ ਦੋਬਾਰਾ ਵੋਟਾਂ ’ਚ ਨਾ ਖਡ਼੍ਹਾ ਹੋਣ ਦੀ ਗੱਲ ਆਖੀ। ਸਿੱਧੂ ਮੂਸੇਵਾਲਾ ਦਾ ਪਿਤਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਹੱਥ ਰੱਖ ਕੇ ਕਿਹਾ ਸੀ ਕਿ ਸਾਡਾ ਕਿਸੇ ਮਾਡ਼ੇ ਬੰਦੇ ਨਾਲ ਜਾਂ ਕਿਸੇ ਕਤਲ ਨਾਲ ਕੋਈ ਸਬੰਧ ਨਹੀਂ ਹੈ। ਜੇਕਰ ਅਸੀਂ ਗ਼ਲਤ ਹੁੰਦੇ ਤਾਂ ਪੁਲਸ ਪ੍ਰਸ਼ਾਸਨ ਸਾਡੇ ’ਤੇ ਕਾਰਵਾਈ ਕਰਦਾ। ਸਾਡੀ ਤਰੱਕੀ ਹੀ ਸਾਡੇ ਲਈ ਮਾਡ਼ੀ ਬਣੀ ਹੈ। ਅੱਜ ਤੱਕ ਕਦੇ ਕੋਈ ਸਿਆਸੀ ਲੀਡਰ ਜਾਂ ਗੈਂਗਸਟਰ ਨਹੀਂ ਮਾਰਿਆ ਗਿਆ, ਸਿਰਫ ਸਾਡੇ ਵਰਗੇ ਆਮ ਘਰਾਂ ਦੇ ਪੁੱਤ ਹੀ ਮਾਰੇ ਜਾਂਦੇ ਹਨ। ਇਹ ਭਰਾ ਮਾਰੂ ਜੰਗ ਹੈ, ਜਿਸ ਵਿਚ ਨਾ ਕੋਈ ਲੀਡਰ ਮਰਦਾ ਤੇ ਨਾ ਕੋਈ ਗੈਂਗਸਟਰ।