ਮਾਨਸਾ ਕੈਂਚੀਆਂ ਦੇ ਨੇੜੇ ਮੈਰਿਜ ਪੈਲੇਸ ਰਾਇਲ ਗਰੀਨ ‘ਚ ਵਿਆਹ ਦੌਰਾਨ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਦੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਵਜੋਂ ਪਛਾਣ ਹੋਈ ਹੈ। ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ ਜਿਸ ਨੂੰ ਮਗਰੋਂ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਅਦ ‘ਚ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਜਿਸ ਨੂੰ ਗੋਲੀ ਲੱਗ ਹੈ ਉਹ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਗੰਨਮੈਨ ਹੈ। ਇਸ ਦੀ ਪੁਸ਼ਟੀ ਬਾਅਦ ਦੁਪਹਿਰ ਥਾਣਾ ਸਿਟੀ ਮਾਨਸਾ ਦੇ ਮੁਖੀ ਬਲਦੇਵ ਸਿੰਘ ਵਲੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਨਵਜੋਤ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਗੰਨਮੈਨ ਹੈ, ਜੋ ਛੁੱਟੀ ਲੈ ਕੇ ਹੀ ਵਿਆਹ ਵੇਖਣ ਆਇਆ ਸੀ ਅਤੇ ਉਸ ਪਾਸੋਂ ਬਿਨਾਂ ਕਿਸੇ ਮੰਦਭਾਵਨਾ ਤੋਂ ਗੋਲੀ ਚੱਲ ਗਈ, ਜਿਸ ਦੌਰਾਨ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਡੀ.ਐੱਸ.ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਮੈਰਿਜ ਪੈਲੇਸ ‘ਚ ਬਰਾਤ ਆਈ ਹੋਈ ਸੀ। ਇਸ ਦੌਰਾਨ ਨਵਜੋਤ ਸਿੰਘ ਵੱਲੋਂ ਫ਼ਾਇਰ ਕੀਤਾ ਗਿਆ ਅਤੇ ਗੁਰਵਿੰਦਰ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਵਜੋਤ ਸਿੰਘ ਖ਼ਿਲਾਫ਼ ਅਣਗਿਹਲੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਸਵਾਲ ਹੈ ਕਿ ਜਦੋਂ ਪੰਜਾਬ ਪੁਲੀਸ ਅਤੇ ਜ਼ਿਲ੍ਹਾ ਮੈਜਿਸਟਰੇਟ ਨੇ ਮੈਰਿਜ ਪੈਲੇਸਾਂ ‘ਚ ਅਸਲਾ ਲਿਜਾਣ ਉਤੇ ਪਾਬੰਦੀ ਲਾਈ ਹੋਈ ਹੈ ਤਾਂ ਇਹ ਗੰਨਮੈਨ ਅਸਲੇ ਨੂੰ ਲੈ ਕੇ ਕਿਉਂ ਗਿਆ। ਆਮ ਲੋਕਾਂ ‘ਤੇ ਸਖਤੀ ਵਰਤਣ ਵਾਲੀ ਪੁਲੀਸ ਅਤੇ ਸਰਕਾਰ ਹੁਣ ਇਸ ਮਾਮਲੇ ‘ਚ ਕੀ ਕਾਰਵਾਈ ਕਰਦੀ ਹੈ, ਸਮੂਹ ਪੰਜਾਬੀਆਂ ਦੀਆਂ ਨਜ਼ਰ ਇਸ ਪਾਸੇ ਲੱਗੀਆਂ ਹਨ।