29 ਮਈ ਨੂੰ ਕਤਲ ਕੀਤੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਮਾਨਸਾ ਪੁਲਸ ਨੇ 87 ਦਿਨ ਬਾਅਦ ਅਦਾਲਤ ‘ਚ 1850 ਪੰਨੇ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਇਸ ‘ਚ 24 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ ਜਿਸ ‘ਚ 122 ਗਵਾਹ ਹਨ। ਇਨ੍ਹਾਂ ‘ਚੋਂ 4 ਗੈਂਗਸਟਰ ਵਿਦੇਸ਼ ‘ਚ ਬੈਠੇ ਹਨ। ਪੁਲੀਸ ਨੇ ਲਗਭਗ 36 ਵਿਅਕਤੀਆਂ ਨੂੰ ਨਾਮਜ਼ਦ ਕਰਕੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਮਾਮਲੇ ‘ਚ 32 ਬੋਰ 2 ਪਿਸਤੌਲ, 30 ਬੋਰ 2, 315 ਬੋਰ 1, 9 ਐੱਮ.ਐੱਮ. ਪਿਸਟਲ 1, 3 ਕਾਰਾਂ ਬਲੈਰੋ, ਕਰੋਲਾ, ਥਾਰ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਕਿਹਾ ਕਿ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਫਾਇਰਿੰਗ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ‘ਚ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ ਸਨ। ਥਾਣਾ ਸਿਟੀ 1 ਮਾਨਸਾ ਪੁਲੀਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ‘ਤੇ ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਪ੍ਰਮੋਦ ਬਾਨ ਵੱਲੋਂ ਇਕ ‘ਸਿਟ’ ਦਾ ਗਠਨ ਕੀਤਾ ਗਿਆ ਜਿਸ ਦੀ ਜਾਂਚ ਵਿਚ ਪਾਇਆ ਗਿਆ ਕਿ ਇਸ ਕਤਲ ਕਾਂਡ ਨੂੰ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਨੇ ਅੰਜਾਮ ਦਿੱਤਾ ਹੈ। ਗ੍ਰਿਫ਼ਤਾਰ ਕਰਨ ਵਾਲਿਆਂ ‘ਚ ਸਾਰਜ ਸਿੰਘ ਉਰਫ ਮਿੰਟੂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਦੋਦੀ ਕਲਸੀਆ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ, ਮਨਪ੍ਰੀਤ ਸਿੰਘ ਉਰਫ ਭਾਊ ਪੁੱਤਰ ਸੁਖਪਾਲ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਢੈਪਈ ਜ਼ਿਲਾ ਫਰੀਦਕੋਟ, ਪ੍ਰਭਦੀਪ ਸਿੰਘ ਉਰਫ ਬੱਬੀ ਪੁੱਤਰ ਹਰਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੰਨੇ ਕੀ ਢਾਣੀ ਤੱਖਤਮੱਲ (ਹਰਿਆਣਾ), ਸੰਦੀਪ ਸਿੰਘ ਉਰਫ ਕੇਕੜਾ ਪੁੱਤਰ ਬਲਦੇਵ ਸਿੰਘ ਵਾਸੀ ਕਾਲਿਆਂਵਾਲੀ (ਹਰਿਆਣਾ), ਬਲਦੇਵ ਸਿੰਘ ਉਰਫ ਨਿੱਕੂ ਪੁੱਤਰ ਪੋਪੀ ਸਿੰਘ ਵਾਸੀ ਤਖਤਮੱਲ (ਹਰਿਆਣਾ), ਪਵਨ ਕੁਮਾਰ ਬਿਸ਼ਨੋਈ ਪੁੱਤਰ ਰਾਜ ਕੁਮਾਰ ਵਾਸੀ ਬਿਰਡਾਨਾ (ਹਰਿਆਣਾ), ਨਸੀਬ ਦੀਨ ਪੁੱਤਰ ਸ਼ਰੀਫ ਦੀਨ ਵਾਸੀ ਬਿਰਡਾਨਾ (ਹਰਿਆਣਾ), ਮੋਨੂੰ ਡਾਗਰ ਪੁੱਤਰ ਰਾਮ ਕੁਮਾਰ ਪੱਤਰ ਸੂਰਜ ਸਿੰਘ ਵਾਸੀ ਰੇਬਲੀ (ਹਰਿਆਣਾ), ਚਰਨਜੀਤ ਸਿੰਘ ਉਰਫ ਚੇਤਨ ਪੁੱਤਰ ਸੁਖਦੇਵ ਸਿੰਘ ਵਾਸੀ ਬਠਿੰਡਾ, ਲਾਰੈਂਸ ਬਿਸ਼ਨੋਈ ਪੁੱਤਰ ਲੋਵਿੰਦਰ ਬਿਸ਼ਨੋਈ ਵਾਸੀ ਦੁਤਾਰਿਆ ਵਾਲੀ ਜ਼ਿਲਾ ਫਾਜ਼ਿਲਕਾ, ਪ੍ਰੀਆਵਰਤ ਪੁੱਤਰ ਜੈ ਭਗਵਾਨ ਵਾਸੀ ਗੜੀਸਥਾਣਾ (ਹਰਿਆਣਾ), ਅੰਕਿਤ ਸੇਰਸਾ ਉਰਫ ਅੰਕਿਤ ਜਾਟੀ ਉਰਫ ਛੋਟਾ ਪੁੱਤਰ ਜਗਵੀਰ ਤੂਰ ਪੁੱਤਰ ਰਾਜਮੇਰ ਵਾਸੀ ਸਿਰਸਾ (ਹਰਿਆਣਾ), ਕੇਸ਼ਵ ਉਰਫ ਕੇਸ਼ਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਬਠਿੰਡਾ, ਮਨਮੋਹਨ ਸਿੰਘ ਉਰਫ ਮੋਹਨਾ ਪੁੱਤਰ ਦਰਸ਼ਨ ਸਿੰਘ ਵਾਸੀ ਰੱਲੀ (ਮਾਨਸਾ), ਕਸ਼ਿਸ ਉਰਫ ਕੁਲਦੀਪ ਪੁੱਤਰ ਦਿਨੇਸ਼ ਕਾਦਿਆਣ ਵਾਸੀ ਪਿੰਡ ਬੇਰੀ (ਰਾਜਸਥਾਨ), ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਭਗਵਾਨਪੁਰ (ਬਟਾਲਾ), ਦੀਪਕ ਉਰਫ ਟੀਨੂ ਪੁੱਤਰ ਪੁੱਤਰ ਅਨਿਲ ਕੁਮਾਰ ਵਾਸੀ ਜਾਟਵਾੜਾ (ਹਰਿਆਣਾ), ਸਚਿਨ ਚੌਧਰੀ ਉਰਫ ਸਚਿਨ ਭਿਵਾਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਬੋਹਲ (ਹਰਿਆਣਾ), ਅਰਸ਼ਦ ਖਾਨ ਪੁੱਤਰ ਰਜਾਕਖਾਨ ਵਾਸੀ ਬੁਕਨਸਰ ਬਾਸ (ਰਾਜਸਥਾਨ) ਸ਼ਾਮਲ ਹਨ। ਗੌਰਵ ਤੂਰਾ ਨੇ ਦੱਸਿਆ ਕਿ ਮੋਹਾਲੀ ‘ਚ ਸ਼੍ਰੋਮਣੀ ਅਕਾਲੀ ਦਲ ਆਗੂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ‘ਚ ਸ਼ਗਨਪ੍ਰੀਤ ਦਾ ਨਾਂ ਆਇਆ ਸੀ। ਸ਼ਗਨਪ੍ਰੀਤ ਨੂੰ ਸਿੱਧੂ ਮੂਸੇਵਾਲਾ ਨੇ ਪਨਾਹ ਦਿੱਤੀ ਸੀ। ਹਮਲਾਵਾਰਾਂ ਨੂੰ ਸ਼ੱਕ ਸੀ ਕਿ ਸਿੱਧੂ ਮੂਸੇਵਾਲਾ ਦੀ ਇਸ ਕਤਲ ‘ਚ ਵੱਡੀ ਭੂਮਿਕਾ ਹੈ ਅਤੇ ਉਸ ਦਾ ਸ਼ੱਕ ਵਧਦਾ ਗਿਆ। ਇਸ ਕਰ ਕੇ ਹੀ ਉਨ੍ਹਾਂ ਨੇ ਇਕ ਸਾਜ਼ਿਸ਼ ਤਿਆਰ ਕਰਦੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾ ਦਿੱਤੀ ਗਈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਵਿਦੇਸ਼ ‘ਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਲਈ ਸੀ।