ਵਿਸ਼ਵ ਭਰ ‘ਚ ਪ੍ਰਸਿੱਧੀ ਖੱਟਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਾਨਸਾ ਪੁਲੀਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਗੈਂਗਸਟਰ ਦੀ ਮਦਦ ਕਰਨ ਵਾਲੇ ਬਰਖਾਸਤ ਸੀ.ਆਈ.ਏ. ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਦਾ ਇਕ ਮੁਲਜ਼ਮ ਦੀਪਕ ਟੀਨੂੰ ਪਹਿਲੀ ਅਕਤੂਬਰ ਨੂੰ ਮਾਨਸਾ ਪੁਲੀਸ ਦੀ ਅਪਰਾਧ ਜਾਂਚ ਏਜੰਸੀ ਯੂਨਿਟ ਦੀ ਹਿਰਾਸਤ ‘ਚੋਂ ਫ਼ਰਾਰ ਹੋ ਗਿਆ ਸੀ। ਇਸ ਮਗਰੋਂ ਪੰਜਾਬ ਪੁਲੀਸ ਨੇ ਯੂਨਿਟ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਰਖਾਸਤ ਕਰ ਦਿੱਤਾ ਸੀ, ਜੋ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦੇ ਮੈਂਬਰ ਵੀ ਸਨ। ਪੁਲੀਸ ਨੇ ਦਾਅਵਾ ਕੀਤਾ ਕਿ ਪ੍ਰਿਤਪਾਲ, ਟੀਨੂੰ ਨੂੰ ਭਜਾਉਣ ਦੀ ਸਾਜਿਸ਼ ਦਾ ਹਿੱਸਾ ਸੀ। ਪੁਲੀਸ ਨੇ ਬਰਖਾਸਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ, ਦੀਪਕ ਟੀਨੂੰ, ਜਤਿੰਦਰ ਕੌਰ ਜੋਤੀ, ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਕਜਾਮਾ, ਰਜਿੰਦਰ ਸਿੰਘ ਗੋਰਾ, ਬਿੱਟੂ ਸਿੰਘ, ਸਰਬਜੋਤ ਸਿੰਘ, ਚਿਰਾਗ ਅਤੇ ਸੁਨੀਲ ਲੋਹੀਆ ਖ਼ਿਲਾਫ਼ ਧਾਰਾ 222, 224, 225ਏ, 120ਬੀ ਤਹਿਤ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ ਅਤੇ ਇਸ ‘ਚ ਆਈ.ਪੀ.ਸੀ. ਦੀ 216 ਅਤੇ ਆਰਮਜ਼ ਐਕਟ ਦੀ ਧਾਰਾ 25 ਸ਼ਾਮਲ ਕੀਤੀ ਗਈ ਹੈ। ਚਾਰਜਸ਼ੀਟ ‘ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿਤਪਾਲ ਟੀਨੂੰ ਨੂੰ ਇੱਕ ਨਿੱਜੀ ਕਾਰ ‘ਚ ਮਾਨਸਾ ਸ਼ਹਿਰ ‘ਚ ਜ਼ਿਲ੍ਹਾ ਪ੍ਰਸ਼ਾਸਨ ਦੇ ਹਾਊਸਿੰਗ ਕੰਪਲੈਕਸ ਸਥਿਤ ਉਸ ਦੀ ਸਰਕਾਰੀ ਰਿਹਾਇਸ਼ ‘ਤੇ ਲੈ ਗਿਆ ਸੀ। ਇਸ ਮਗਰੋਂ ਦੀਪਕ ਟੀਨੂੰ ਹੋਰ ਵਿਅਕਤੀਆਂ ਦੀ ਮਦਦ ਨਾਲ ਉਸ ਦੀ ਰਿਹਾਇਸ਼ ਤੋਂ ਫਰਾਰ ਹੋ ਗਿਆ। ਪੁਲੀਸ ਅਨੁਸਾਰ ਦੀਪਕ ਟੀਨੂੰ ਮੂਸੇਵਾਲਾ ਕਤਲ ਕੇਸ ‘ਚ ਚਾਰਜਸ਼ੀਟ ਕੀਤੇ ਗਏ 24 ਮੁਲਜ਼ਮਾਂ ‘ਚੋਂ ਇਕ ਹੈ। ਚਾਰਜਸ਼ੀਟ ਮੁਤਾਬਕ ਟੀਨੂੰ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦਾ ਸਹਿਯੋਗੀ ਹੈ। ਪੁਲੀਸ ਨੇ ਚਾਰਜਸ਼ੀਟ ‘ਚ ਕਿਹਾ ਕਿ ਟੀਨੂੰ ਨੇ ਬਿਸ਼ਨੋਈ ਨੂੰ ਗੈਂਗਸਟਰ ਗੋਲਡੀ ਬਰਾੜ ਨਾਲ ਜੋੜਨ ‘ਚ ਅਹਿਮ ਭੂਮਿਕਾ ਨਿਭਾਈ ਸੀ, ਜੋ ਉਸ ਸਮੇਂ ਕੈਨੇਡਾ ‘ਚ ਸੀ। ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਅੰਜਾਮ ਦੇਣ ਲਈ ਮੋਬਾਈਲ ਫੋਨਾਂ ਰਾਹੀਂ ਯੋਜਨਾ ਬਣਾਈ ਸੀ। ਇਸ ਦੌਰਾਨ ਪ੍ਰਿਤਪਾਲ ਸਿੰਘ ਨੇ ਵੀ ਮਾਨਸਾ ਦੀ ਅਦਾਲਤ ‘ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ, ਜਿਸ ‘ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਰਿਕਾਰਡ ਪੇਸ਼ ਕਰਨ ਲਈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।