ਗੋਲੀਆਂ ਮਾਰ ਕੇ ਕਤਲ ਕੀਤੇ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਮਾਨਸਾ ਪੁਲੀਸ ਵੱਲੋਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ‘ਚ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਿਲ ਪੰਡਿਤ, ਬਿੱਟੂ, ਮਨਪ੍ਰੀਤ ਤੂਫ਼ਾਨ, ਮਨੀ ਰਈਆ ਅਤੇ ਜਗਤਾਰ ਸਿੰਘ ਮੂਸਾ ਦਾ ਨਾਂ ਸ਼ਾਮਲ ਹੈ। ਇਨ੍ਹਾਂ 7 ਮੁਲਜ਼ਮਾਂ ਖ਼ਿਲਾਫ਼ ਪੁਲੀਸ ਨੇ ਚਲਾਨ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਕਾਂਡ ‘ਚ ਹੁਣ ਤੱਕ 31 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸਮ-ਖਾਮ ਦੀਪਕ ਟੀਨੂੰ ਦੇ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋਣ ਦਾ ਮਾਮਲੇ ‘ਚ ਮਾਨਸਾ ਪੁਲੀਸ ਵੱਲੋਂ ਬਰਖ਼ਾਸਤ ਕੀਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਪ੍ਰੀਤਪਾਲ ਸਿੰਘ ਸਮੇਤ 11 ਵਿਅਕਤੀਆਂ ਖ਼ਿਲਾਫ਼ ਵੀ ਮਾਨਸਾ ਅਦਾਲਤ ‘ਚ ਚਲਾਨ ਪੇਸ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਾਨਸਾ ਅਦਾਲਤ ਨੇ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ 10 ਵਿਅਕਤੀਆਂ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਨਸਾ ਪੁਲੀਸ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕਾਫ਼ੀ ਗੰਭੀਰ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਵਿਦੇਸ਼ੋਂ ਪਰਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਨਸਾ ਪੁਲੀਸ ਵੱਲੋਂ ਸੰਮਨ ਦਿੱਤੇ ਗਏ ਸਨ ਤੇ ਇਸ ਤੋਂ ਪਹਿਲਾਂ ਸੰਗੀਤ ਜਗਤ ਦੇ ਕਈ ਕਲਾਕਾਰਾਂ ਨੂੰ ਵੀ ਪੁੱਛਗਿੱਛ ਲਈ ਮਾਨਸਾ ਥਾਣੇ ਬੁਲਾਇਆ ਸੀ। ਇਨ੍ਹਾਂ ‘ਚ ਗਾਇਕ ਬੱਬੂ ਮਾਨ ਤੇ ਗਾਇਕ ਮਨਕੀਰਤ ਔਲਖ ਦੇ ਨਾਂ ਜ਼ਿਕਰਯੋਗ ਹਨ।