ਉੱਘੇ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗਾਇਕ-ਗੀਤਕਾਰ ਦੀ ਹੱਤਿਆ ਲਈ ਇਕ ਏ.ਕੇ.-47, ਇਕ 30 ਬੋਰ ਦਾ ਪਿਸਤੌਲ ਤੇ ਨੌਂ ਐੱਮ.ਐੱਮ. ਦੇ ਚਾਰ ਜਾਂ ਪੰਜ ਪਿਸਤੌਲ ਵਰਤੇ ਗਏ ਹਨ। ਹਾਲਾਂਕਿ ਪੰਜਾਬ ਤੇ ਦਿੱਲੀ ਪੁਲੀਸ ਕਤਲ ਤੋਂ 45 ਦਿਨਾਂ ਬਾਅਦ ਵੀ ਹਥਿਆਰ ਬਰਾਮਦ ਨਹੀਂ ਕਰ ਸਕੀ ਹੈ। ਪੁਲੀਸ ਸੂਤਰਾਂ ਮੁਤਾਬਕ ਕਾਰਤੂਸਾਂ ਦੀ ਫੋਰੈਂਸਿਕ ਜਾਂਚ ’ਚ ਸਾਹਮਣੇ ਆਇਆ ਹੈ ਕਿ ਏ.ਕੇ.-47 ਤੇ ਪਿਸਤੌਲ ਵਰਤੇ ਗਏ ਹਨ। ਸ਼ੂਟਰਾਂ ਨੇ 25 ਜਾਂ ਉਸ ਤੋਂ ਵੱਧ ਗੋਲੀਆਂ ਕਾਰ ਉਤੇ ਮਾਰੀਆਂ ਸਨ। ਕਈ ਹੋਰ ਗੋਲੀਆਂ ਨੇਡ਼ਲੇ ਘਰਾਂ ਦੀਆਂ ਕੰਧਾਂ ’ਚ ਫਸੀਆਂ ਤੇ ਕੁਝ ਖੇਤਾਂ ਵਿਚੋਂ ਮਿਲੀਆਂ ਹਨ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੇ ਹਥਿਆਰ ਹਰਿਆਣਾ ’ਚ ਇਕ ਵਿਅਕਤੀ ਨੂੰ ਸੌਂਪੇ ਤੇ ਮਗਰੋਂ ਵੱਖ-ਵੱਖ ਥਾਵਾਂ ਵੱਲ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਇਸ ਕੇਸ ’ਚ ਪਹਿਲਾਂ ਹੀ ਪ੍ਰਿਆਵਰਤ ਫੌਜੀ, ਕਸ਼ਿਸ਼, ਅੰਕਿਤ ਤੇ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਨੇ ਇਸ ਮਾਮਲੇ ’ਚ ਗ੍ਰੇਨੇਡ ਲਾਂਚਰ ਦੇ ਨਾਲ 8 ਗ੍ਰੇਨੇਡ, ਨੌਂ ਇਲੈਕਟ੍ਰਿਕ ਡੈਟੋਨੇਟਰਜ਼, ਇਕ ਅਸਾਲਟ ਰਾਈਫਲ ਤੇ 20 ਕਾਰਤੂਸ ਵੀ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਤਿੰਨ ਅਤਿ-ਆਧੁਨਿਕ ਪਿਸਤੌਲ ਵੀ ਮਿਲੇ ਸਨ। ਪੁਲੀਸ ਨੇ ਦੱਸਿਆ ਸੀ ਕਿ ਇਹ ਸਾਰਾ ਅਸਲਾ ਹਮਲਾਵਰਾਂ ਦੀ ਦੂਜੀ ਯੋਜਨਾ ਦਾ ਹਿੱਸਾ ਸੀ। ਜੇਕਰ ਹਥਿਆਰ ਕੰਮ ਨਾ ਕਰਦੇ ਤਾਂ ਗ੍ਰੇਨੇਡ ਦੀ ਵਰਤੋਂ ਵੀ ਕੀਤੀ ਜਾ ਸਕਦੀ ਸੀ। ਪਰ ਮੂਸੇਵਾਲਾ ਦੀ ਹੱਤਿਆ ’ਚ ਵਰਤੇ ਗਏ ਅਸਲ ਹਥਿਆਰ ਹਾਲੇ ਤੱਕ ਬਰਾਮਦ ਨਹੀਂ ਹੋਏ ਹਨ। ਤਿੰਨ ਹੋਰ ਸ਼ੂਟਰ- ਜਗਰੂਪ ਰੂਪਾ, ਮਨਪ੍ਰੀਤ ਮਾਣੂ ਤੇ ਦੀਪਕ ਮੁੰਡੀ ਅਜੇ ਵੀ ਫਰਾਰ ਹਨ। ਵਾਰਦਾਤ ’ਚ ਵਰਤੇ ਗਏ ਹਥਿਆਰ ਮਿਲਣ ਉਤੇ ਇਨ੍ਹਾਂ ਨੂੰ ਫੌਰੈਂਸਿਕ ਜਾਂਚ ’ਚ ਪਛਾਣੇ ਗਏ ਹਥਿਆਰਾਂ ਨਾਲ ਮਿਲਾ ਕੇ ਦੇਖਿਆ ਜਾਵੇਗਾ। ਹਥਿਆਰਾਂ ਦੀ ਰਿਕਵਰੀ ਤੋਂ ਬਿਨਾਂ ਅਦਾਲਤ ’ਚ ਇਸ ਅਪਰਾਧ ਨੂੰ ਸਾਬਿਤ ਕਰਨਾ ਬਹੁਤ ਔਖਾ ਹੋਵੇਗਾ। ਇਸ ਤੋਂ ਇਲਾਵਾ ਮੌਕੇ ਉਤੇ ਮਿਲੇ ਕਾਰਤੂਸਾਂ ਨੂੰ ਵੀ ਹਥਿਆਰਾਂ ਨਾਲ ਮਿਲਾਉਣਾ ਜ਼ਰੂਰੀ ਹੈ।