ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ ਅੱਜ ਪੁਲੀਸ ਮੁਕਾਬਲੇ ’ਚ ਹਲਾਕ ਹੋ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਭਕਨਾ ’ਚ ਇਹ ਮੁਕਾਬਲਾ ਛੇ ਘੰਟੇ ਦੇ ਕਰੀਬ ਚੱਲਿਆ। ਇਨ੍ਹਾਂ ਸ਼ੂਟਰਾਂ ਦੇ ਕਬਜ਼ੇ ’ਚੋਂ ਏ.ਕੇ. 47 ਵੀ ਬਰਾਮਦ ਹੋਈ ਹੈ। ਮੁਕਾਬਲਾ ਖਤਮ ਹੋਣ ਤੋਂ ਬਾਅਦ ਪੰਜਾਬ ਪੁਲੀਸ ਦੇ ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਘਟਨਾ ਸਥਾਨ ’ਤੇ ਪਹੁੰਚੇ ਅਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੋਹਾਂ ਸ਼ੂਟਰਾਂ ਦੇ ਮੁਕਾਬਲੇ ’ਚ ਮਾਰੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਬਾਕੀ ਜਾਣਕਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਦਿੱਤੀ ਜਾਵੇਗੀ। ਪੁਲੀਸ ਵੱਲੋਂ ਇਸ ਕਾਰਵਾਈ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਅੰਜਾਮ ਦਿੱਤਾ ਗਿਆ ਹੈ। ਛੇ ਘੰਟੇ ਤੋਂ ਵੱਧ ਚੱਲੇ ਪੁਲੀਸ ਦੇ ਆਪਰੇਸ਼ਨ ਦੌਰਾਨ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਢੇਰ ਕਰ ਦਿੱਤਾ ਗਿਆ। ਇਸ ਦੌਰਾਨ ਦੋਵੇਂ ਪਾਸਿਓਂ ਗੋਲੀਬਾਰੀ ਹੁੰਦੀ ਰਹੀ। ਪੁਲੀਸ ਨੇ ਦੱਸਿਆ ਹੈ ਕਿ ਦੋਵੇਂ ਸ਼ਾਰਪ ਸ਼ੂਟਰ ਪੁਲੀਸ ਦੀ ਜਵਾਬੀ ਕਾਰਵਾਈ ’ਚ ਮਾਰੇ ਗਏ ਹਨ ਅਤੇ ਤਿੰਨ ਪੁਲੀਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਤੋਂ ਇਲਾਵਾ ਇਕ ਟੀ.ਵੀ. ਚੈਨਲ ਦੇ ਕੈਮਰਾਮੈਨ ਦੇ ਪੈਰ ’ਚ ਵੀ ਗੋਲੀ ਲੱਗੀ ਹੈ। ਇਸ ਕਾਰਵਾਈ ਦੌਰਾਨ ਪੁਲੀਸ ਨੇ ਇਲਾਕੇ ਦੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ। ਦੱਸਣਯੋਗ ਹੈ ਕਿ ਬੁੱਧਵਾਰ ਸਵੇਰੇ ਅੰਮ੍ਰਿਤਸਰ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਗੈਂਗਸਟਰਾਂ ਨੂੰ ਫਡ਼ਨ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਪਿੰਡ ਭਕਨਾ ਪਹੁੰਚੀ। ਇਥੇ ਪਹਿਲਾਂ ਤੋਂ ਹਥਿਆਰਾਂ ਨਾਲ ਲੈਸ ਗੈਂਗਸਟਰਾਂ ਨੇ ਪੁਲੀਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲੀਸ ਨੇ ਵੀ ਜਵਾਬੀ ਕਾਰਵਾਈ ’ਚ ਫਾਇਰਿੰਗ ਕੀਤੀ। ਪੁਲੀਸ ਅਤੇ ਗੈਂਗਸਟਰਾਂ ਵਿਚਾਲੇ 6 ਘੰਟੇ ਤੋਂ ਵੱਧ ਸਮੇਂ ਤੱਕ ਰੁੱਕ-ਰੁੱਕ ਕੇ ਫਾਇਰਿੰਗ ਹੁੰਦੀ ਰਹੀ। ਗੈਂਗਸਟਰ ਪਿੰਡ ਭਕਨਾ ਦੇ ਬਾਹਰ-ਬਾਰ ਖੇਤਾਂ ਵਿਚਲੇ ਇਕ ਘਰ ’ਚ ਲੁਕੇ ਹੋਏ ਸਨ ਜਿਸਨੂੰ ਘੇਰਾ ਪਾ ਕੇ ਵੱਡੀ ਗਿਣਤੀ ਪੁਲੀਸ ਫੋਰਸ ਨੇ ਕਮਾਂਡੋਜ਼ ਦੀ ਮਦਦ ਨਾਲ ਆਪਰੇਸ਼ਨ ਨੂੰ ਸਫ਼ਲ ਬਣਾਇਆ। ਇਹ ਵੀ ਪਤਾ ਲੱਗਾ ਹੈ ਕਿ ਭਕਨਾ ਨਿਵਾਸੀ ਬਲਵਿੰਦਰ ਸਿੰਘ ਬਿੱਲਾ ਦੋਧੀ ਦੇ ਪੁੱਤਰ ਸਤਨਾਮ ਸਿੰਘ ਉਮਰ 35 ਸਾਲ ਵੱਲੋਂ ਅੱਜ ਸਵੇਰੇ ਤਡ਼ਕੇ ਹੀ ਆਪਣੀ ਬਰੀਜ਼ਾ ਗੱਡੀ ’ਤੇ ਸਵਾਰ ਹੋ ਕੇ ਦੋਵੇਂ ਗੈਂਗਸਟਰਾਂ ਨੂੰ ਇਸ ਹਵੇਲੀ (ਡੇਰੇ) ’ਚ ਲਿਆਂਦਾ ਗਿਆ ਸੀ। ਪਰਿਵਾਰ ਇਸ ਤੋਂ ਥੋਡ਼੍ਹੀ ਦੂਰੀ ਤੇ ਸਥਿਤ ਅੱਡਾ ਭਕਨਾ ਵਿਖੇ ਦੁੱਧ ਦਾ ਕੰਮ ਕਰਦੇ ਹੋਏ ਡੇਅਰੀ ਚਲਾ ਰਹੇ ਹਨ ਤੇ ਇਨ੍ਹਾਂ ਦਾ ਘਰ ਵੀ ਇਥੇ ਹੀ ਹੈ। ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਜਲਦ ਹੀ ਇਸ ਸਬੰਧ ’ਚ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।