29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਗੋਲਡੀ ਬਰਾੜ ਕਰਕੇ ਕੈਨੇਡਾ ਕੁਨੈਕਸ਼ਨ ਤਾਂ ਉਦੋਂ ਹੀ ਸਾਹਮਣੇ ਆ ਗਿਆ ਸੀ ਜਦਕਿ ਹੁਣ ਅਮਰੀਕਾ ਦਾ ਕੁਨੈਕਸ਼ਨ ਵੀ ਇਸ ਮਾਮਲੇ ‘ਚ ਜੁੜਿਆ ਨਜ਼ਰ ਆ ਰਿਹਾ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮਨੀ ਰਈਆ ਅਤੇ ਮਨਦੀਪ ਸਿੰਘ ਤੂਫ਼ਾਨ ਨੂੰ ਸੀ.ਆਈ.ਏ.-2 ਦੀ ਪੁਲੀਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ। ਉਨ੍ਹਾਂ ਤੋਂ ਮੁੱਢਲੀ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਅਮਰੀਕਾ ‘ਚ ਬੈਠੇ ਗੈਂਗਸਟਰ ਦਮਨਜੋਤ ਸਿੰਘ ਕਾਹਲੋਂ ਜ਼ਰੀਏ ਹੀ ਮਨੀ ਰਈਆ, ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸੰਪਰਕ ‘ਚ ਆਇਆ ਸੀ। ਦਮਨਜੋਤ ਨੇ ਹੀ ਮਨੀ ਨੂੰ ਗੋਲਡੀ ਦੇ ਕਹਿਣ ‘ਤੇ ਕੰਮ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਹੀ ਮਨੀ ਰਈਆ ਨੇ ਆਪਣੇ ਨਾਲ ਮਨਦੀਪ ਤੂਫ਼ਾਨ ਨੂੰ ਲਿਆ ਸੀ। ਇਸ ਤੋਂ ਬਾਅਦ ਗੋਲਡੀ ਦੇ ਕਹਿਣ ‘ਤੇ ਮਨਦੀਪ ਅਤੇ ਮਨੀ ਨੇ ਕਤਲ ਦੇ ਦੋਸ਼ੀਆਂ ਤੱਕ ਹਥਿਆਰ ਪਹੁੰਚਾਏ ਸਨ। ਇਹ ਵੀ ਫ਼ੋਨ ‘ਤੇ ਹੀ ਤੈਅ ਹੋ ਗਿਆ ਸੀ ਕਿ ਉਨ੍ਹਾਂ ਨੂੰ ਕਿਹੜਾ ਵਿਅਕਤੀ ਕਿਹੜੀ ਗੱਡੀ ‘ਚ ਬਠਿੰਡਾ ਛੱਡ ਕੇ ਆਵੇਗਾ। ਹਾਲ ਦੀ ਘੜੀ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ 17 ਨਵੰਬਰ ਤੱਕ ਪੁਲੀਸ ਰਿਮਾਂਡ ‘ਤੇ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਜਾਂਚ ਦੌਰਾਨ ਕਮਿਸ਼ਨਰੇਟ ਲੁਧਿਆਣਾ ਦੇ ਸੀ.ਆਈ. ਏ.-2 ਦੀ ਟੀਮ ਨੇ ਬਲਦੇਵ ਚੌਧਰੀ ਨਾਂ ਦੇ ਨੌਜਵਾਨ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਰਿਹਾ ਹੈ, ਜਿਸ ਤੋਂ ਬਾਅਦ ਪਤਾ ਲੱਗਾ ਕਿ ਅੰਕਿਤ ਸ਼ਰਮਾ ਨੇ ਉਸ ਨੂੰ ਹਥਿਆਰ ਸਪਲਾਈ ਕੀਤੇ ਸਨ। ਤਾਰ ਜੋੜਦੇ ਸਮੇਂ ਪਤਾ ਲੱਗਾ ਕਿ ਇਕ ਫਾਰਚੂਨਰ ਕਾਰ ‘ਚ ਗੈਂਗਸਟਰ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦੇਣ ਤੋਂ 10 ਦਿਨ ਪਹਿਲਾਂ ਬਠਿੰਡਾ ‘ਚ ਗਏ ਸਨ, ਜਿਨ੍ਹਾਂ ਨੂੰ ਸਤਬੀਰ ਚਲਾ ਰਿਹਾ ਸੀ। ਸਤਬੀਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਤਾਂ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਫਾਰਚੂਨਰ ਗੱਡੀ ‘ਚ ਸਤਬੀਰ ਨੇ ਮਨੀ ਰਈਆ ਅਤੇ ਮਨਦੀਪ ਤੂਫ਼ਾਨ ਨੂੰ ਬਠਿੰਡਾ ਛੱਡਿਆ ਸੀ ਅਤੇ ਉਨ੍ਹਾਂ ਨੂੰ ਬਲਦੇਵ ਚੌਧਰੀ ਨੇ ਹਥਿਆਰ ਸਪਲਾਈ ਕਰਵਾਏ ਸਨ, ਜਿਸ ਤੋਂ ਬਾਅਦ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ। ਮਨੀ ਰਈਆ ਅਤੇ ਮਲਦੀਪ ਤੂਫ਼ਾਨ ਨੂੰ ਪੰਜਾਬ ਪੁਲੀਸ ਨੇ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਪੁੱਛਗਿੱਛ ਲਈ ਗੋਇੰਦਵਾਲ ਜੇਲ੍ਹ ਤੋਂ ਲੁਧਿਆਣਾ ਪੁਲੀਸ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਸੀ। ਪੁਲੀਸ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਦਮਨਜੋਤ ਸਿੰਘ ਅਤੇ ਗੈਂਗਸਟਰ ਗੋਲਡੀ ਬਰਾੜ ਕਾਫੀ ਚੰਗੇ ਦੋਸਤ ਹਨ। ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਦਮਨਜੋਤ ਸਿੰਘ ਨਾਲ ਗੱਲ ਕੀਤੀ ਅਤੇ ਗੈਂਗਸਟਰ ਮੁਹੱਈਆ ਕਰਵਾਉਣ ਲਈ ਕਿਹਾ ਸੀ ਜਿਸ ਤੋਂ ਬਾਅਦ ਦਮਨਜੋਤ ਸਿੰਘ ਨੇ ਯੂ.ਐੱਸ.ਏ. ਤੋਂ ਮਨੀ ਰਈਆ ਨੂੰ ਫ਼ੋਨ ਕਰ ਕੇ ਹੁਕਮ ਦਿੱਤਾ ਕਿ ਉਸ ਨੂੰ ਕੈਨੇਡਾ ਤੋਂ ਗੋਲਡੀ ਬਰਾੜ ਦਾ ਫ਼ੋਨ ਆਵੇਗਾ ਤਾਂ ਉਸ ਦਾ ਜੋ ਵੀ ਕੰਮ ਹੈ, ਉਸ ਨੂੰ ਕੁਝ ਸਾਥੀਆਂ ਨਾਲ ਮਿਲ ਕੇ ਅੰਜਾਮ ਦੇਣਾ ਹੈ, ਜਿਸ ਤੋਂ ਬਾਅਦ ਗੋਲਡੀ ਬਰਾੜ ਨੇ ਸਾਰੀ ਯੋਜਨਾ ਮਨੀ ਰਈਆ ਨੂੰ ਦੱਸੀ ਅਤੇ ਮਨਦੀਪ ਤੂਫ਼ਾਨ ਨੂੰ ਵੀ ਇਸ ਕੰਮ ‘ਚ ਜੋੜਿਆ ਗਿਆ। ਦਮਨਜੋਤ ਸਿੰਘ ਖ਼ਿਲਾਫ਼ ਪੰਜਾਬ ‘ਚ ਵੱਖ-ਵੱਖ ਮਾਮਲੇ ਦਰਜ ਹਨ ਅਤੇ ਪੁਲੀਸ ਨੂੰ ਕਾਫ਼ੀ ਸਮੇਂ ਤੋਂ ਲੋੜੀਂਦਾ ਹੈ।