ਉੱਘੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ?ਵੱਲੋਂ ਪੰਜਾਬ ਪੁਲੀਸ ਨੂੰ ਸਭ ਤੋਂ ਛੋਟੀ ਉਮਰ ਦੇ ਸ਼ੂਟਰ ਅੰਕਿਤ ਸੇਰਸਾ ਅਤੇ ਸ਼ੂਟਰ ਸਚਿਨ ਚੌਧਰੀ ਉਰਫ਼ ਸਚਿਨ ਭਿਵਾਨੀ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ ਹੈ। ਪੰਜਾਬ ਪੁਲੀਸ ਦੀ 36 ਮੈਂਬਰੀ ਹਥਿਆਰਬੰਦ ਟੀਮ ਵੱਲੋਂ ਉਨ੍ਹਾਂ ਨੂੰ ਦਿੱਲੀ ਤੋਂ ਮਾਨਸਾ ਲਿਆਂਦਾ ਗਿਆ ਹੈ ਜਿਥੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਹਾਂ ਨੂੰ ਅੱਜ ਮਾਨਸਾ ਦੇ ਸਿਵਲ ਹਸਪਤਾਲ ’ਚ ਮੈਡੀਕਲ ਕਰਾਉਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 8 ਦਿਨ ਲਈ ਪੁਲੀਸ ਰਿਮਾਂਡ ਉਤੇ ਭੇਜਿਆ ਗਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ 23 ਜੁਲਾਈ ਨੂੰ ਮੁਡ਼ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਦੋਹਾਂ ਮੁਲਜ਼ਮਾਂ ਨੂੰ ਸੀ.ਆਈ.ਏ. ਥਾਣੇ ’ਚ ਰੱਖਿਆ ਗਿਆ ਹੈ। ਮਾਨਸਾ ਪੁਲੀਸ ਦੇ ਇਕ ਅਧਿਕਾਰੀ ਅਨੁਸਾਰ 19 ਸਾਲਾ ਅੰਕਿਤ ਸੇਰਸਾ ਮੂਸੇਵਾਲਾ ਦੇ ਕਤਲ ਲਈ ਲੋਡ਼ੀਂਦਾ ਹੈ ਤੇ ਉਸ ਤੋਂ ਪੁੱਛ-ਪਡ਼ਤਾਲ ਕਰਨ ਦੀ ਸਖ਼ਤ ਜ਼ਰੂਰਤ ਸੀ ਜੋ ਹੁਣ ਪੁਲੀਸ ਰਿਮਾਂਡ ’ਤੇ ਲੈ ਕੇ ਸ਼ੁਰੂ ਕੀਤੀ ਗਈ ਹੈ। ਇਸ ਸਬੰਧ ’ਚ ਪੁਲੀਸ ਨੇ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ, ਕੇਸ਼ਵ ਅਤੇ ਦੀਪਕ ਟੀਨੂੰ ਨੂੰ ਪਹਿਲਾਂ ਹੀ ਪੁੱਛ-ਪਡ਼ਤਾਲ ਲਈ ਮਾਨਸਾ ਦੇ ਸੀ.ਆਈ.ਏ. ਸਟਾਫ਼ ’ਚ ਰਿਮਾਂਡ ’ਤੇ ਲਿਆ ਹੋਇਆ ਹੈ। ਹੁਣ ਇਨ੍ਹਾਂ ਤੋਂ ਇਕੱਠਿਆਂ ਨਵੇਂ ਸਿਰੇ ਤੋਂ ਪਡ਼ਤਾਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅੰਕਿਤ ਸੇਰਸਾ ਉਸ ਵੇਲੇ ਸੁਰਖੀਆਂ ’ਚ ਆਇਆ ਜਦੋਂ ਦਿੱਲੀ ਪੁਲੀਸ ਵੱਲੋਂ ਇਸ ਨੂੰ ਸਚਿਨ ਭਿਵਾਨੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਸਭ ਤੋਂ ਨੇਡ਼ੇ ਜਾ ਕੇ ਗੋਲੀਆਂ ਚਲਾਉਣ ਵਾਲਾ ਸ਼ੂਟਰ ਹੈ। ਅੰਕਿਤ ਚਾਰ ਭੈਣਾਂ ਤੇ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ ਤੇ ਸੋਨੀਪਤ-ਦਿੱਲੀ ਸਰਹੱਦ ’ਤੇ ਕੁੰਡਲੀ ਇੰਡਸਟਰੀਜ਼ ਖੇਤਰ ਨਾਲ ਲੱਗਦੇ ਪਿੰਡ ਸੇਰਸਾ ਦਾ ਰਹਿਣ ਵਾਲਾ ਹੈ। ਉਸ ਬਾਰੇ ਮੀਡੀਆ ’ਚ ਇਹ ਗੱਲ ਵੀ ਵਾਇਰਲ ਹੋ ਰਹੀ ਹੈ ਕਿ ਉਸ ਨੇ ਦੋਵੇਂ ਹੱਥਾਂ ਨਾਲ ਸਿੱਧੂ ਮੂਸੇਵਾਲਾ ’ਤੇ ਗੋਲੀਆਂ ਚਲਾਈਆਂ ਸਨ। ਵੇਰਵਿਆਂ ਅਨੁਸਾਰ ਅੰਕਿਤ ਸੇਰਸਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁੱਝ ਮਹੀਨੇ ਪਹਿਲਾਂ ਤੋਂ ਸੋਨੀਪਤ ਦੇ ਗੈਂਗਸਟਰ ਪ੍ਰਿਆਵਰਤ ਫੌਜੀ ਨਾਲ ਜੁਡ਼ਿਆ ਸੀ ਤੇ ਕਤਲ ਤੋਂ ਚਾਰ ਦਿਨ ਪਹਿਲਾਂ ਫ਼ਤਿਆਬਾਦ ਦੇ ਇਕ ਪੈਟਰੋਲ ਪੰਪ ’ਤੇ ਲੱਗੇ ਸੀ.ਸੀ.ਟੀ.ਵੀ. ਕਮਰਿਆਂ ’ਚ ਉਸ ਦੀ ਤਸਵੀਰ ਕੈਦ ਹੋਣ ਮਗਰੋਂ ਉਸ ਦਾ ਸਬੰਧ ਇਸ ਕੇਸ ਨਾਲ ਜੋਡ਼ ਕੇ ਵੇਖਿਆ ਜਾਣ ਲੱਗਿਆ ਹੈ। ਅੰਕਿਤ 6 ਅਪਰੈਲ ਨੂੰ ਨਵਰਾਤਰੀ ਵਾਲੇ ਦਿਨ ਘਰੋਂ ਤੁਰਨ ਵੇਲੇ ਆਪਣੇ ਪਰਿਵਾਰ ਨੂੰ ਇਹ ਸਲਾਹ ਦੇ ਕੇ ਗਿਆ ਸੀ ਕਿ ਉਹ ਉਸ ਨੂੰ ਬੇਦਖਲ ਕਰ ਦੇਣ ਨਹੀਂ ਤਾਂ ਪੁਲੀਸ ਉਨ੍ਹਾਂ ਨੂੰ ਤੰਗ ਕਰੇਗੀ। ਪੁਲੀਸ ਅਨੁਸਾਰ ਅੰਕਿਤ ਨੇ ਸਭ ਤੋਂ ਪਹਿਲਾ ਅਪਰਾਧ ਮੋਬਾਈਲ ਚੋਰੀ ਦਾ ਕੀਤਾ ਸੀ। ਦਸਵੀਂ ਵਿੱਚੋਂ ਫੇਲ੍ਹ ਹੋਣ ਮਗਰੋਂ ਅੰਕਿਤ ਦੇ ਪਰਿਵਾਰ ਨੇ ਉਸ ਨੂੰ ਮਾਸੀ ਕੋਲ ਬਹਾਦਰਗਡ਼੍ਹ ਭੇਜ ਦਿੱਤਾ, ਜਿਥੇ ਉਸ ਦਾ ਨਾਂ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਆਇਆ। ਇਕ ਸਾਲ ਪਹਿਲਾਂ ਰਾਜਸਥਾਨ ’ਚ ਉਸ ’ਤੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਿਆ। ਇਸ ਤੋਂ ਬਾਅਦ ਉਹ ਜੁਰਮ ਦੀ ਦੁਨੀਆਂ ’ਚ ਅੱਗੇ ਹੀ ਵਧਦਾ ਗਿਆ ਅਤੇ ਸਿੱਧੂ ਮੂਸੇਵਾਲਾ ਕਤਲ ਤੱਕ ਪਹੁੰਚ ਗਿਆ।