ਛੇ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ‘ਡਿਟੇਨ’ ਕਰਨ ਦੀਆਂ ਖ਼ਬਰਾਂ ਹਨ। ਇਹ ਵੀ ਖ਼ਬਰ ਹੈ ਕਿ ਉਸ ਨੂੰ ਪੁਲੀਸ ਨੇ ਕਿਸੇ ਹੋਰ ਮਾਮਲੇ ‘ਚ ਹਿਰਾਸਤ ‘ਚ ਲਿਆ ਹੈ, ਪਰ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਹਾਲੇ ਬਾਕੀ ਹੈ। ਵੇਰਵਿਆਂ ਅਨੁਸਾਰ ਗੋਲਡੀ ਬਰਾੜ 20 ਨਵੰਬਰ ਨੂੰ ਫੜਿਆ ਗਿਆ ਸੀ ਪਰ ਕੈਲੇਫੋਰਨੀਆਂ ਪੁਲੀਸ ਨੇ ਇਸ ਦੀ ਅਜੇ ਤੱਕ ਕੋਈ ਸਰਕਾਰੀ ਅਤੇ ਵਿਭਾਗੀ ਤੌਰ ‘ਤੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਹ ਜਾਣਕਾਰੀ ਭਾਰਤੀ ਖ਼ੁਫ਼ੀਆ ਵਿਭਾਗ ਤੱਕ ਪਹੁੰਚ ਗਈ ਹੈ। ਮਾਨਸਾ ਪੁਲੀਸ ਦੇ ਇਕ ਅਧਿਕਾਰੀ ਨੇ ਗੋਲਡੀ ਬਰਾੜ ਦੇ ਹਿਰਾਸਤ ‘ਚ ਲੈਣ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਉਸ ਨੂੰ ਬਿਨਾਂ ਪਾਸਪੋਰਟ ਤੋਂ ਫੜਿਆ ਗਿਆ ਹੈ ਅਤੇ ਉਸ ਵਿਰੁੱਧ ਪਹਿਲਾਂ ਹੀ ਦੋ ਪੁਰਾਣੇ ਕੇਸਾਂ ‘ਚ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕੇ ਹਨ। ਉਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਰਾਜਸੀ ਸ਼ਰਨ ਲੈਣ ਲਈ ਕੈਲੀਫੋਰਨੀਆਂ ਚਲਾ ਗਿਆ ਸੀ। ਹੁਣ ਭਾਰਤ ਸਰਕਾਰ ਰੈੱਡ ਕਾਰਨਰ ਨੋਟਿਸ ਦੇ ਸਬੂਤ ਅਮਰੀਕਾ ਸਰਕਾਰ ਨੂੰ ਦੇ ਕੇ ਉਸ ਨੂੰ ਭਾਰਤ ‘ਚ ਲਿਆਉਣ ਲਈ ਚਾਰਾਜੋਈ ਕਰੇਗੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕੱਲ੍ਹ ਹੀ ਗੋਲਡੀ ਬਰਾੜ ਦੀ ਸੂਹ ਦੇਣ ਵਾਲੇ ਨੂੰ ਦੋ ਕਰੋੜ ਰੁਪਏ ਆਪਣੇ ਪੱਲਿਉਂ ਦੇਣ ਦਾ ਐਲਾਨ ਕੀਤਾ ਸੀ। ਮਾਨਸਾ ਪੁਲੀਸ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਕੈਨੇਡਾ ‘ਚ ਮੂਸੇਵਾਲੇ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਣ ਕਰਕੇ ਅਤੇ ਕਤਲ ਦੀ ਵੱਡੇ ਪੱਧਰ ‘ਤੇ ਵਿਰੋਧ ਹੋਣ ਤੋਂ ਬਾਅਦ ਹੀ ਅਮਰੀਕਾ ਚਲਾ ਗਿਆ ਸੀ ਅਤੇ ਉਥੋਂ ਹੀ ਕੈਲੀਫੋਰਨੀਆ ਸਟੇਟ ‘ਚ ਸ਼ਿਫਟ ਹੋਇਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਦੇ ਕੈਲੀਫੋਰਨੀਆ ‘ਚ ਫੜੇ ਜਾਣ ਸਬੰਧੀ ਹਾਲੇ ਤੱਕ ਕਿਸੇ ਸਰਕਾਰੀ ਜਾਂ ਪੰਜਾਬ ਪੁਲੀਸ ਦੇ ਅਧਿਕਾਰੀ ਨੇ ਉਨ੍ਹਾਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ। ਉਨ੍ਹਾਂ ਨੂੰ ਗੋਲਡੀ ਦੇ ਫੜੇ ਜਾਣ ਸਬੰਧੀ ਮੀਡੀਆ ਰਾਹੀਂ ਪਤਾ ਲੱਗਿਆ ਹੈ। ਉਨ੍ਹਾਂ ਮਾਨਸਾ ਨੇੜਲੇ ਪਿੰਡ ਮੂਸਾ ਵਿਖੇ ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਂਝ ਉਸ ਦੇ ਫੜੇ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਅਤੇ ਹੁਣ ਇਨਸਾਫ਼ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਇੰਡੀਆ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਉਸ ਤੋਂ ਨਾਰਕੋ ਟੈਸਟ ਦੇ ਆਧਾਰ ਉੱਤੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਸੰਗੀਤ ਜਗਤ ਦੇ ਬੰਦਿਆਂ ਨੂੰ ਆਹਮੋ ਸਾਹਮਣੇ ਬਿਠਾਕੇ ਪੜਤਾਲ ਕਰਵਾਈ ਜਾਵੇ ਤਾਂ ਅਸਲੀਅਤ ਸਾਹਮਣੇ ਲਿਆਂਦੀ ਜਾ ਸਕਦੀ ਹੈ।