ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਧਡ਼ੇ ਨਾਲ ਸਬੰਧਤ ਪੰਜਾਬ ਦੇ ਲੋਡ਼ੀਂਦੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਦੀ ਕਸਬਾ ਸਮਾਲਸਰ ’ਚ ਇਕ ਸ਼ੱਕੀ ਤਸਵੀਰ ਸਾਹਮਣੇ ਆਈ ਹੈ। ਦੋਵਾਂ ਦੀ ਤਸਵੀਰ ਸਾਹਮਣੇ ਆਉਣ ਮਗਰੋਂ ਪੁਲੀਸ ਨੇ ਕਸਬੇ ਤੋਂ ਇਲਾਵਾ ਮੋਗਾ, ਲੁਧਿਆਣਾ, ਤਰਨਤਾਰਨ, ਅੰਮ੍ਰਿਤਸਰ ਸਮੇਤ ਦੋ ਹੋਰ ਜ਼ਿਲ੍ਹਿਆਂ ’ਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਦੇ ਹੱਥ ਲੱਗੀ ਸੀ.ਸੀ.ਟੀ.ਵੀ. ਕੈਮਰੇ ਦੀ ਇਹ ਤਸਵੀਰ 21 ਜੂਨ ਦੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਪੰਜਾਬ ਦੇ ਇਹ ਦੋਵੇਂ ਸ਼ੂਟਰ ਉਪਰੋਕਤ ਜ਼ਿਲ੍ਹਿਆਂ ’ਚ ਹੀ ਲੁਕੇ ਹੋਏ ਹਨ। ਇਸ ਦੀ ਪੁਸ਼ਟੀ ਹਰਿਆਣਾ ਦੇ ਸ਼ੂਟਰ ਪ੍ਰਿਆਵਰਤ ਫੌਜੀ ਸਮੇਤ ਅੰਕਿਤ ਸੇਰਸਾ ਵੱਲੋਂ ਵੀ ਕੀਤੀ ਗਈ ਦੱਸੀ ਜਾਂਦੀ ਹੈ। ਇਹ ਵੀ ਪਤਾ ਲੱਗਾ ਕਿ ਮਾਨਸਾ ਪੁਲੀਸ ਦੇ ਸਾਈਬਰ ਸੈੱਲ ਨਾਲ ਸਬੰਧਤ ਮਾਹਿਰ ਇਨ੍ਹਾਂ ਕੈਮਰਿਆਂ ਦੀ ਪਡ਼ਤਾਲ ਲਈ ਲਗਾਤਾਰ ਬਾਹਰਲੇ ਜ਼ਿਲ੍ਹਿਆਂ ’ਚ ਡੇਰੇ ਲਾ ਕੇ ਬੈਠੇ ਹਨ। ਪੰਜਾਬ ਪੁਲੀਸ ਦੇ ਹੱਥ ਲੱਗੀ ਫੁਟੇਜ ’ਚ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਸਮਾਲਸਰ ਕਸਬੇ ’ਚੋਂ ਚੋਰੀ ਦਾ ਇਕ ਮੋਟਰਸਾਈਕਲ ਲੈ ਕੇ ਤਾਰਨਤਾਰਨ ਵਾਲੇ ਪਾਸੇ ਜਾ ਰਹੇ ਸਨ ਜਿਸ ਲਈ ਪੁਲੀਸ ਨੇ ਹੁਣ ਉਥੇ ਸ਼ੱਕੀ ਥਾਵਾਂ ’ਤੇ ਛਾਪੇ ਵਧਾ ਦਿੱਤੇ ਹਨ।