ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖਰਡ਼ ਦੇ ਇੰਟੈਰੋਗੇਸ਼ਨ ਸੈਂਟਰ ਤੋਂ ਅੰਮ੍ਰਿਤਸਰ ਲਿਆ ਕੇ ਅੱਜ ਸਵੇਰੇ 7.10 ਵਜੇ ਸੁਰੱਖਿਆ ਬੰਦੋਬਸਤ ’ਚ ਜ਼ਿਲ੍ਹਾ ਕਚਿਹਰੀ ਲਿਆਂਦਾ ਗਿਆ। ਕਰੀਬ ਡੇਢ ਘੰਟੇ ਦੀ ਪੇਸ਼ੀ ਤੋਂ ਬਾਅਦ ਅੰਮ੍ਰਿਤਸਰ ਪੁਲੀਸ ਨੂੰ 5 ਦਿਨਾ ਦਾ ਰਿਮਾਂਡ ਅਦਾਲਤ ਵੱਲੋਂ ਦਿੱਤਾ ਗਿਆ। ਹੁਣ ਲਾਰੈਂਸ ਬਿਸ਼ਨੋਈ ਨੂੰ 11 ਜੁਲਾਈ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਲਾਰੈਂਸ ਦੀ ਸੁਰੱਖਿਆ ’ਚ 18 ਗੱਡੀਆਂ ਦੇ ਕਾਫ਼ਲੇ ’ਚ ਸ਼ਾਮਲ ਦੋ ਬੁਲੇਟ ਪਰੂਫ ਗੱਡੀਆਂ ’ਚੋਂ ਇਕ ’ਚ ਬਿਸ਼ਨੋਈ ਨੂੰ ਬਿਠਾਇਆ ਗਿਆ ਸੀ। ਅੰਮ੍ਰਿਤਸਰ ਦੇ ਸਟੇਟ ਆਪਰੇਸ਼ਨ ਸੈੱਲ ਤੋਂ ਸ਼ੁਰੂ ਹੋਇਆ ਕਾਫ਼ਲਾ ਜ਼ਿਲ੍ਹਾ ਕਚਿਹਰੀ ਪਹੁੰਚਿਆ। ਦੱਸਣਯੋਗ ਹੈ ਕਿ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕਰਨ ਲਈ ਹੁਸ਼ਿਆਰਪੁਰ, ਮੋਹਾਲੀ, ਫਾਜ਼ਿਲਕਾ ਅਤੇ ਮੋਗਾ ਪੁਲੀਸ ਵੀ ਅੰਮ੍ਰਿਤਸਰ ਆਈ ਹੋਈ ਸੀ, ਜਦੋਂ ਕਿ ਅੰਮ੍ਰਿਤਸਰ ਪੁਲੀਸ ਦੇ ਚੱਲ ਰਹੇ ਰਿਮਾਂਡ ਨੂੰ ਅਦਾਲਤ ਵੱਲੋਂ ਵਧਾਇਆ ਗਿਆ ਹੈ।