ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੁਲੀਸ ਨੇ ਫਰਾਰ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੂਸੇਵਾਲਾ ਕਤਲ ਕਾਂਡ ’ਚ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਲਈ ਵਰਤੀ ਗਈ ਗੱਡੀ ਦੇ ਗ੍ਰਿਫ਼ਤਾਰ ਕੀਤੇ ਗਏ ਮਾਲਕ ਤੇ ਘੋਡ਼ਿਆਂ ਦੇ ਵਪਾਰੀ ਸਤਬੀਰ ਸਿੰਘ ਦੇ ਪਰਿਵਾਰ ਨੇ ਇਹ ਦੋਸ਼ ਲਗਾਏ ਸਨ ਕਿ ਸਤਬੀਰ ਨੇ ਸੰਦੀਪ ਦੇ ਕਹਿਣ ’ਤੇ ਹੀ ਤਿੰਨ ਲੋਕਾਂ ਨੂੰ ਲਿਫਟ ਦਿੱਤੀ ਸੀ। ਇਸੇ ਗੱਡੀ ਦੀ ਪੈਟਰੋਲ ਪੰਪ ’ਤੇ ਆਈ ਫੁਟੇਜ ਦੇ ਆਧਾਰ ’ਤੇ ਸਤਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੰਦੀਪ ਕਾਹਲੋਂ ਇਕ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਅਤੇ ਲੁਧਿਆਣਾ ਪੁਲੀਸ ਵਲੋਂ ਸੰਦੀਪ ਦੀ ਗ੍ਰਿਫ਼ਤਾਰੀ ਲਈ ਉਸ ਦੇ ਘਰ ਪਿੰਡ ਦਾਦੂਜੋਡ਼ ਫਤਿਹਗਡ਼੍ਹ ਚੂਡ਼ੀਆ ਗੁਰਦਾਸਪੁਰ ’ਚ ਰੇਡ ਕੀਤੀ ਜਾ ਰਹੀ ਸੀ। ਲੁਧਿਆਣਾ ਪੁਲੀਸ ਦੇ ਸੀ.ਆਈ.ਏ. ਸਟਾਫ 1 ਦੀ ਇੰਚਾਰਜ ਬੇਅੰਤ ਜੁਨੇਜਾ ਦੀ ਟੀਮ ਨੇ ਐੱਫ.ਆਈ. ਆਰ. ਨੰਬਰ 139/22 ਅੰਡਰ ਸੈਕਸ਼ਨ 25/54/59 ਦੇ ਤਹਿਤ ਬਾਡ਼ੇਵਾਲ ਕੈਨਾਲ ਦੇ ਨੇਡ਼ਿਓਂ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਦਾਲਤ ’ਚ ਪੁਲਸ ਰਿਮਾਂਡ ਲਈ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।