ਸੀ.ਆਈ.ਏ. ਇੰਚਾਰਜ ਮਾਨਸਾ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ‘ਚੋਂ ਫਰਾਰ ਹੋਇਆ ਅਤੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੈਂਗਸਟਰ ਦੀਪਕ ਟੀਨੂ ਦਿੱਲੀ ਪੁਲੀਸ ਵੱਲੋਂ ਰਾਜਸਥਾਨ ਦੇ ਅਜਮੇਰ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਏ.ਜੀ.ਟੀ.ਐੱਫ. ਟੀਮ ਵੀ ਅਜਮੇਰ ‘ਚ ਮੁਲਜ਼ਮ ਦੀ ਭਾਲ ਕਰ ਰਹੀ ਸੀ ਪਰ ਦਿੱਲੀ ਪੁਲੀਸ ਨੇ ਪਹਿਲਾਂ ਉਸ ਨੂੰ ਲੱਭਣ ਤੇ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕਰ ਲਈ। ਟੀਨੂ ਪਹਿਲੀ ਅਕਤੂਬਰ ਦੀ ਰਾਤ ਨੂੰ ਮਾਨਸਾ ਪੁਲੀਸ ਦੀ ਗ੍ਰਿਫ਼ਤ ‘ਚੋਂ ਫਰਾਰ ਹੋ ਗਿਆ ਸੀ। ਮਾਨਸਾ ਦੇ ਸੀ.ਆਈ.ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੀਪਕ ਟੀਨੂ ਨੂੰ ਜਲਦ ਹੀ ਮਾਨਸਾ ਲਿਆਂਦਾ ਜਾਵੇਗਾ।