ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਇਕ ਸਿਆਸੀ ਲੀਡਰ ਦੀ ਭਾਈਵਾਲੀ ਵੀ ਸਾਹਮਣੇ ਆ ਰਹੀ ਹੈ ਅਤੇ ਜਲਦ ਇਸ ਨੇਤਾ ਬਾਰੇ ਖੁਲਾਸਾ ਹੋਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਲੀਡਰ ਦੇ ਗੈਂਗਸਟਰਾਂ ਨਾਲ ਸਬੰਧਤ ਸਨ ਅਤੇ ਸਿੱਧੂ ਮੂਸੇਵਾਲਾ ਨੂੰ ਮਰਵਾਉਣ ‘ਚ ਇਸ ਲੀਡਰ ਦੀ ਵੀ ਭੂਮਿਕਾ ਰਹੀ। ਇਸ ਗੱਲ ਦਾ ਖੁਲਾਸਾ ਵੀ ਹੋਇਆ ਹੈ ਕਿ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਦੋ ਟੀਮਾਂ ਬਣਾਈਆਂ ਗਈਆਂ ਸਨ। ਇਕ ਟੀਮ ਨੇ ਫਰਵਰੀ ‘ਚ ਰੇਕੀ ਕਰਕੇ ਕਤਲ ਕਰਨ ਦੀ ਪੂਰੀ ਤਿਆਰੀ ਕੀਤੀ ਸੀ ਪਰ ਉਦੋਂ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ। ਇਹ ਵੀ ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਕਤਲ ਤੋਂ ਬਾਅਦ ਹੀ ਹੁਣ ਤੱਕ ਕਹਿੰਦੇ ਆ ਰਹੇ ਹਨ ਕਿ ਕਤਲ ਪਿੱਛੇ ਸਫੈਦਪੋਸ਼ ਰਸੂਖਵਾਨ ਲੋਕਾਂ ਦਾ ਵੀ ਹੱਥ ਹੈ।
ਓਧਰ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗਾਇਕ ਮੂਸੇਵਾਲਾ ਕਤਲ ‘ਚ ਲੋੜੀਂਦੇ ਦੋ ਗੈਂਗਸਟਰਾਂ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਮਨਦੀਪ ਸਿੰਘ ਉਰਫ ਮਨਦੀਪ ਤੂਫ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਨੂੰ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਛੀਨਾ ਅਤੇ ਦੂਜੇ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖੱਖ ਵਿੱਚੋਂ ਕਾਬੂ ਕੀਤਾ ਗਿਆ। ਮਨਦੀਪ ਸਿੰਘ ਉਰਫ਼ ਤੂਫ਼ਾਨ (24) ਖ਼ਿਲਾਫ਼ ਸੱਤ ਕੇਸ ਦਰਜ ਹਨ। ਇਹ ਅੰਮ੍ਰਿਤਸਰ ਦੇ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਮਾਮਲੇ ‘ਚ ਵੀ ਸ਼ਾਮਲ ਸੀ। ਮਨਪ੍ਰੀਤ ਸਿੰਘ ਉਰਫ ਮਨੀ ਰਈਆ (30) ਖ਼ਿਲਾਫ਼ ਅਠਾਰਾਂ ਕੇਸ ਦਰਜ ਹਨ। ਇਹ ਦੋਵੇਂ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਅਤੇ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਮਾਮਲੇ ਸਮੇਤ ਹੋਰ ਕਈ ਕੇਸਾਂ ‘ਚ ਪੁਲੀਸ ਨੂੰ ਲੋੜੀਂਦੇ ਸਨ। ਦੋਵਾਂ ਨੂੰ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਮਗਰੋਂ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਪਿਸਤੌਲ ਅਤੇ 36 ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਪਤਾ ਲੱਗਿਆ ਹੈ ਕਿ ਇਹ ਦੋਵੇਂ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਭੇਜੀ ਗਈ ਪਹਿਲੀ ਟੀਮ ‘ਚ ਸ਼ਾਮਲ ਸਨ। ਮਨੀ ਰਈਆ ਅਤੇ ਤੂਫ਼ਾਨ ਸਮੇਤ ਗੈਂਗਸਟਰ ਕਪਿਲ ਪਾਂਧੀ ਤੇ ਸਚਿਨ ਵੱਲੋਂ ਪੰਜਾਬੀ ਗਾਇਕ ਦੇ ਪਿੰਡ ਦੀ ਫਰਵਰੀ ‘ਚ ਦੋ ਤੋਂ ਤਿੰਨ ਵਾਰ ਰੇਕੀ ਕੀਤੀ ਗਈ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਨੇ ਪੰਜਾਬੀ ਗਾਇਕ ਨੂੰ ਕਤਲ ਕਰਨ ਦੀ ਬਣਾਈ ਯੋਜਨਾ ਲਈ ਪੁਲੀਸ ਦੀ ਵਰਦੀ ਦਾ ਵੀ ਪ੍ਰਬੰਧ ਕੀਤਾ ਸੀ ਪਰ ਇਹ ਸਫ਼ਲ ਨਹੀਂ ਹੋ ਸਕੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਲਈ ਦੋ ਟੀਮਾਂ ਬਣਾਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਪਹਿਲਾਂ ਗ੍ਰਿਫ਼ਤਾਰ ਕੀਤੇ ਸਤਵੀਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਮਈ ‘ਚ ਤੂਫ਼ਾਨ ਅਤੇ ਮਨੀ ਨੂੰ ਆਪਣੀ ਕਾਰ ‘ਚ ਬਠਿੰਡਾ ਲੈ ਕੇ ਆਇਆ ਸੀ, ਜਿੱਥੇ ਦੂਜੀ ਟੀਮ ਦੇ ਮੈਂਬਰਾਂ ਮੰਨੂ ਅਤੇ ਪ੍ਰਿਯਾਵਰਤ ਫ਼ੌਜੀ ਨਾਲ ਇਨ੍ਹਾਂ ਨੂੰ ਮਿਲਾਇਆ ਸੀ।
ਮਨਦੀਪ ਮਨੂ ਅਤੇ ਮਨਪ੍ਰੀਤ ਮਨੀ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਮਾਨਸਾ ਦੀ ਅਦਾਲਤ ‘ਚ ਅੱਜ ਪੇਸ਼ ਕਰਕੇ ਪੁਲੀਸ ਨੇ ਮੁਲਜ਼ਮਾਂ ਦਾ ਸੱਤ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗ੍ਰਿਫ਼ਤਾਰ ਕੀਤਾ ਸੀ। ਵੱਖਰੇ ਤੌਰ ‘ਤੇ ਮਾਨਸਾ ਪੁਲੀਸ ਵੱਲੋਂ ਦੀਪਕ ਮੂੰਡੀ, ਰਾਜਿੰਦਰ ਜੋਕਰ, ਕਪਿਲ ਪੰਡਤ ਅਤੇ ਬਿੱਟੂ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਛੇ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਇਨ੍ਹਾਂ ਨੂੰ ਹੁਣ 23 ਸਤੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਇਕ ਲੀਡਰ ਦਾ ਨਾਂ ਬੋਲਿਆ, ਦੋ ਹੋਰ ਨੌਜਵਾਨ ਗ੍ਰਿਫ਼ਤਾਰ
Related Posts
Add A Comment