ਪਿਛਲੇ ਦਿਨੀਂ ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਸੰਦੀਪ ਸਿੰਘ ਸੰਨੀ ਨੂੰ ਸੱਤ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਪੁਲੀਸ ਨੇ ਮੁੜ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਹੋਰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸੇ ਦੌਰਾਨ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਅਦਾਲਤ ਕੈਂਪਸ ‘ਚ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਦਾਲਤ ‘ਚ ਦਾਖ਼ਲ ਹੋਣ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦੀ ਅਗਵਾਈ ਹੇਠ ਬਾਅਦ ਦੁਪਹਿਰ ਸੰਦੀਪ ਸਿੰਘ ਸੰਨੀ ਨੂੰ ਸੁਰੱਖਿਆ ਹੇਠ ਵਧੀਕ ਸੀ.ਜੇ.ਐਮ. ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਸੰਨੀ ਦੇ ਕੇਸ ਦੀ ਪੈਰਵੀ ਕਰ ਰਹੇ ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ ਚੰਡੀਗੜ੍ਹ, ਵੀਪੀਐਸ ਭਾਟੀਆ, ਭਗਵੰਤ ਸਿੰਘ ਸਿਆਲਕਾ, ਮਨਦੀਪ ਸਿੰਘ ਸਿੱਧੂ, ਜਸਬੀਰ ਸਿੰਘ ਤੇ ਸਤਨਾਮ ਸਿੰਘ ਅਦਾਲਤ ‘ਚ ਪੇਸ਼ ਹੋਏ। ਪ੍ਰਾਪਤ ਵੇਰਵਿਆਂ ਮੁਤਾਬਕ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਸੰਨੀ ਦਾ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜਿਆ ਹੋਇਆ ਹੈ, ਜਿਸ ਦੀ ਰਿਪੋਰਟ ਮਿਲਣੀ ਬਾਕੀ ਹੈ ਅਤੇ ਰਿਪੋਰਟ ਦੇ ਆਧਾਰ ‘ਤੇ ਉਸ ਤੋਂ ਪੁੱਛ ਪੜਤਾਲ ਲਈ ਸਮਾਂ ਦਿੱਤਾ ਜਾਵੇ। ਅਦਾਲਤ ਨੇ ਸਰਕਾਰੀ ਵਕੀਲ ਦੇ ਪੱਖ ਨੂੰ ਸੁਣਨ ਮਗਰੋਂ ਪੁੱਛ ਪੜਤਾਲ ਵਾਸਤੇ ਤਿੰਨ ਦਿਨ ਦਾ ਹੋਰ ਪੁਲੀਸ ਰਿਮਾਂਡ ਦਿੱਤਾ ਹੈ। ਅਦਾਲਤ ਨੇ ਮੁਲਜ਼ਮ ਨੂੰ ਆਪਣੇ ਪੱਖ ‘ਚ ਬੋਲਣ ਦਾ ਸਮਾਂ ਦਿੱਤਾ ਪਰ ਸੰਨੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਸੰਨੀ ਦੇ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਅਦਾਲਤ ‘ਚ ਪੁੱਜੇ ਹੋਏ ਸਨ, ਉਨ੍ਹਾਂ ਕੁਝ ਮਿੰਟਾਂ ਲਈ ਉਸ ਨਾਲ ਗੱਲਬਾਤ ਵੀ ਕੀਤੀ। ਮੌਕੇ ‘ਤੇ ਮੌਜੂਦ ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਨੇ ਵੀ ਸੰਨੀ ਨਾਲ ਗੱਲਬਾਤ ਕੀਤੀ। ਸੰਨੀ ਦੇ ਪਰਿਵਾਰ ਵੱਲੋਂ ਮੰਗ ਪੱਤਰ ਰਾਹੀਂ ਉਨ੍ਹਾਂ ਦੀ ਦੁਕਾਨ ਦੀ ਭੰਨਤੋੜ ਕਰਨ, ਦੁਕਾਨ ਨੂੰ ਅੱਗ ਲਾਉਣ ਤੇ ਕਰਮਚਾਰੀਆਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।