ਤਿੰਨ ਸਾਲ ਪਹਿਲਾਂ ਅਮਰੀਕਾ ‘ਚ ਕਤਲ ਕੀਤੇ ਗਏ ਸਿੱਖ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦਾ ਮਾਮਲਾ ਕਿਸੇ ਪਰਵਾਸੀ ਪੰਜਾਬੀ ਨੂੰ ਭੁੱਲਿਆ ਨਹੀਂ ਹੋਵੇਗਾ। ਹੁਣ ਅਮਰੀਕਾ ਦੀ ਅਦਾਲਤ ਨੇ ਟੈਕਸਾਸ ਸੂਬੇ ‘ਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕਨ ਅਧਿਕਾਰੀ 42 ਸਾਲਾ ਸੰਦੀਪ ਧਾਲੀਵਾਲ ਦੇ 2019 ‘ਚ ਹੋਏ ਇਸ ਕਤਲ ਦੇ ਮਾਮਲੇ ‘ਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਿਊਸਟਨ ‘ਚ ਹੈਰਿਸ ਕਾਊਂਟੀ ਦੀ ਅਪਰਾਧਿਕ ਅਦਾਲਤ ਦੇ ਜੱਜ ਨੇ 50 ਸਾਲਾ ਮੁਲਜ਼ਮ ਰਾਬਰਟ ਸੋਲਿਸ ਨੂੰ ਸੰਦੀਪ ਧਾਲੀਵਾਲ ਦੀ ਹੱਤਿਆ ਦਾ ਦੋਸ਼ੀ ਪਾਇਆ। ਅਦਾਲਤ ਦੇ ਫ਼ੈਸਲੇ ਸਮੇਂ ਮਰਹੂਮ ਦਾ ਪਰਿਵਾਰ ਵੀ ਉਥੇ ਮੌਜੂਦ ਸੀ। ਜੱਜ ਨੇ ਫ਼ੈਸਲਾ ਸੁਣਾਉਣ ‘ਚ 30 ਮਿੰਟ ਤੋਂ ਵੀ ਘੱਟ ਸਮਾਂ ਲਾਇਆ। ਜ਼ਿਕਰਯੋਗ ਹੈ ਕਿ 42 ਸਾਲਾ ਸੰਦੀਪ ਧਾਲੀਵਾਲ ਨੇ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ‘ਚ 10 ਸਾਲਾਂ ਤੱਕ ਸੇਵਾ ਕੀਤੀ। 2015 ‘ਚ ਉਹ ਵਰਦੀ ਦੇ ਨਾਲ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੇ ਜਾਣ ਕਾਰਨ ਸੁਰਖੀਆਂ ‘ਚ ਆਇਆ ਸੀ। 27 ਸਤੰਬ 2019 ਨੂੰ ਡਿਊਟੀ ‘ਤੇ ਤਾਇਨਾਤ ਸੰਦੀਪ ਧਾਲੀਵਾਲ ਦਾ ਘਾਤ ਲਗਾ ਕੇ ਕੀਤੀ ਗਈ ਗੋਲੀਬਾਰੀ ‘ਚ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਠਹਿਰਾਏ ਗਏ ਸੋਲਿਸ ਨੇ ਖੁਦ ਆਪਣੇ ਵਕੀਲ ਨੂੰ ਹਟਾ ਕੇ ਅਦਾਲਤ ‘ਚ ਆਪਣਾ ਕੇਸ ਪੇਸ਼ ਕੀਤਾ। ਉਸ ਨੇ ਜੱਜ ਨੂੰ ਕਿਹਾ, ‘ਕਿਉਂਕਿ ਤੁਸੀਂ ਮੰਨਦੇ ਹੋ ਕਿ ਮੈਂ ਕਤਲ ਦਾ ਦੋਸ਼ੀ ਹਾਂ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਦਿਓਗੇ।’ ਜੱਜ ਕ੍ਰਿਸ ਮੋਰਟਨ ਨੇ ਫ਼ੈਸਲਾ ਪੜ੍ਹਿਆ ਅਤੇ ਸੋਲਿਸ ਨੇ ਸਿਰ ਹਿਲਾ ਕੇ ਫ਼ੈਸਲੇ ਲਈ ਸਹਿਮਤੀ ਦਿੱਤੀ।